ਪੰਜਾਬ ਵਾਟਰ ਸਪਲਾਈ ਸੀਵਰਮੈਨ ਯੂਨੀਅਨ ਸੰਘਰਸ਼ ਦੇ ਰੌਂਅ ’ਚ
ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਦੀ ਮੁਲਾਜ਼ਮ ਜਥੇਬੰਦੀ ਪੰਜਾਬ ਵਾਟਰ ਸਪਲਾਈ ਸੀਵਰਮੈਨ ਯੂਨੀਅਨ ਵੱਲੋਂ ਯੂਨੀਅਨ ਦਾ ਸਾਲਾਨਾ ਝੰਡਾ ਚੜ੍ਹਾਉਣ ਦਾ ਸਮਾਗਮ ਉਪ ਮੰਡਲ ਦਫ਼ਤਰ ਰਾਜਪੁਰਾ ਵਿੱਚ ਕਰਵਾਇਆ ਗਿਆ। ਪ੍ਰੋਗਰਾਮ ਦੀ ਅਗਵਾਈ ਯੂਨੀਅਨ ਦੇ ਪ੍ਰਧਾਨ ਸੰਜੀਵ ਕੁਮਾਰ ਸੰਜੂ ਨੇ ਕੀਤੀ, ਜਦਕਿ ਪੰਜਾਬ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਹੰਸ ਰਾਜ ਬਨਵਾਰੀ ਵਿਸ਼ੇਸ਼ ਤੌਰ ’ਤੇ ਝੰਡਾ ਚੜ੍ਹਾਉਣ ਲਈ ਪਹੁੰਚੇ। ਝੰਡਾ ਚੜ੍ਹਾਉਣ ਤੋਂ ਬਾਅਦ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਹੰਸ ਰਾਜ ਬਨਵਾਰੀ, ਸੰਜੀਵ ਕੁਮਾਰ ਸੰਜੂ ਅਤੇ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਹਰ ਸਾਲ ਚੜ੍ਹਾਇਆ ਜਾਂਦਾ ਝੰਡਾ ਮੁਲਾਜ਼ਮਾਂ ਦੀ ਏਕਤਾ, ਹੱਕਾਂ ਅਤੇ ਸੰਘਰਸ਼ ਦੀ ਸ਼ਕਤੀ ਦਾ ਪ੍ਰਤੀਕ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਮੁਲਾਜ਼ਮ ਏਕਤਾ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਆਊਟਸੋਰਸ ਕਰਮਚਾਰੀਆਂ ਨੂੰ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਤਨਖਾਹਾਂ ਇੰਨੀ ਘੱਟ ਹਨ ਕਿ ਘਰ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਚੱਲ ਰਿਹਾ ਹੈ ਪਰ ਇਸਦੇ ਬਾਵਜੂਦ ਸਰਕਾਰ ਉਨ੍ਹਾਂ ਨੂੰ ਰੈਗੂਲਰ ਕਰਨਾ ਤਾਂ ਦੂਰ, ਸੰਘਰਸ਼ ਕਰਨ ਵਾਲੇ ਮੁਲਾਜ਼ਮਾਂ ’ਤੇ ਦਬਾਅ ਬਣਾਉਂਦੀ ਹੈ ਅਤੇ ਉਨ੍ਹਾਂ ਨੂੰ ਜੇਲ੍ਹਾਂ ਤੱਕ ਪਹੁੰਚਾ ਦਿੱਤਾ ਜਾਂਦਾ ਹੈ।
ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਆਪਣੀਆਂ ਜਾਇਜ਼ ਮੰਗਾਂ ਲਈ ਇਕਜੁੱਟ ਹੋ ਕੇ ਵੱਡੇ ਪੱਧਰ ’ਤੇ ਸੰਘਰਸ਼ ਕਰਨ ਦੀ ਲੋੜ ਹੈ, ਜਦੋਂ ਤੱਕ ਆਊਟਸੋਰਸ ਕਰਮਚਾਰੀਆਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਲੜਾਈ ਜਾਰੀ ਰਹੇਗੀ। ਯੂਨੀਅਨ ਨੇ ਐਲਾਨ ਕੀਤਾ ਕਿ ਜਲਦ ਹੀ ਰਾਜ ਪੱਧਰ ’ਤੇ ਵੀ ਮੁਹਿੰਮ ਤੇਜ਼ ਕੀਤੀ ਜਾਵੇਗੀ। ਇਸ ਮੌਕੇ ਅਮਰੀਕ ਸਿੰਘ ਕਲਾਲਮਾਜਰਾ, ਦਵਿੰਦਰ ਸਿੰਘ, ਰਾਜਵਿੰਦਰ ਸਿੰਘ ਰਾਜੂ, ਸਤਨਾਮ ਸਿੰਘ ਟੋਨੀ, ਅਵਤਾਰ ਸਿੰਘ ਕੁੱਤਾ ਖੇੜੀ, ਹਰਜਿੰਦਰ ਸਿੰਘ, ਹਰਵਿੰਦਰ ਸਿੰਘ ਦਮਨਹੇੜੀ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਆਗੂ ਅਤੇ ਯੂਨੀਅਨ ਮੈਂਬਰ ਮੌਜੂਦ ਸਨ।
