Punjab News: ਤੇਜ਼ ਬੁਖਾਰ ਹੋਣ ਕਾਰਨ ਡੱਲੇਵਾਲ ਦੀ ਸਿਹਤ ਵਿਗੜੀ
ਗੁਰਤੇਜ ਸਿੰਘ ਪਿਆਸਾ
ਸੰਗਰੂਰ, 26 ਫਰਵਰੀ
Punjab News: ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਤੇਜ਼ ਬੁਖਾਰ ਹੋਣ ਕਾਰਨ ਵਿਗੜ ਗਈ ਹੈ। ਬੁੱਧਵਾਰ ਨੂੰ ਡੱਲੇਵਾਲ ਨੂੰ 103 ਡਿਗਰੀ ਬੁਖਾਰ ਹੋ ਗਿਆ ਹੈ, ਉਨ੍ਹਾਂ ਦੇ ਮੱਥੇ ’ਤੇ ਪਾਣੀ ਦੀ ਪੱਟੀਆਂ ਰੱਖ ਕੇ ਬੁਖਾਰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਿਸਾਨ ਆਗੂਆਂ ਨੇ ਦੱਸਿਆ ਕਿ ਮੰਗਲਵਾਰ ਤੋਂ ਅਚਾਨਕ ਡੱਲੇਵਾਲ ਦੀ ਸਿਹਤ ਗੰਭੀਰ ਚੱਲ ਰਹੀ ਹੈ। ਉਨ੍ਹਾਂ ਦਾ ਬੀਪੀ ਖਤਰਨਾਕ ਪੱਧਰ ’ਤੇ ਵਧ ਗਿਆ ਸੀ, ਜਿਸ ਕਾਰਨ ਡਾਕਟਰਾਂ ਨੇ ਚਿੰਤਾ ਜਤਾਈ। ਜ਼ਿਕਰਯੋਗ ਹੈ ਕਿ ਕਿਸਾਨ ਮੋਰਚੇ ’ਤੇ ਮੌਜੂਦ ਡਾਕਟਰਾਂ ਦੀ ਟੀਮ ਲਗਾਤਾਰ ਡੱਲੇਵਾਲ ਦੀ ਸਿਹਤ ’ਤੇ ਨਿਗਰਾਨੀ ਰੱਖ ਰਹੀ ਹੈ।
ਡਾਕਟਰਾਂ ਦੇ ਅਨੁਸਾਰ ਲੰਬੇ ਸਮੇਂ ਤੋਂ ਜਾਰੀ ਭੁੱਖ ਹੜਤਾਲ ਕਾਰਨ ਉਨ੍ਹਾਂ ਦੀ ਸਿਹਤ ਵਿਚ ਨਿਘਾਰ ਆਇਆ ਹੈ ਅਤੇ ਬਲੱਡ ਪ੍ਰੈਸ਼ਰ ਦਾ ਵਧਣਾ ਉਨ੍ਹਾਂ ਦੀ ਸਿਹਤ ਲਈ ਗੰਭੀਰ ਖਤਰਾ ਬਣ ਸਕਦਾ ਹੈ। ਗ਼ੌਰਤਲਬ ਹੈ ਕਿ ਡੱਲੇਵਾਲ ਕੇਂਦਰ ਸਰਕਾਰ ਨਾਲ ਮੀਟਿੰਗਾਂ ਵਿਚ ਸ਼ਾਮਿਲ ਹੋਣ ਲਈ ਦੋ ਵਾਰ ਐਂਬੂਲੈਂਸ ਰਾਹੀਂ ਚੰਡੀਗੜ੍ਹ ਗਏ ਹਨ। ਪਹਿਲਾਂ 14 ਫਰਵਰੀ ਨੂੰ ਹੋਈ ਬੈਠਕ ਦੇ ਬਾਅਦ ਵੀ ਡੱਲੇਵਾਲ ਦੀ ਸਿਹਤ ਬਿਗੜ ਗਈ ਸੀ। ਡਾਕਟਰ ਕਿਸਾਨ ਆਗੂ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਰੱਖ ਰਹੇ ਹਨ।