ਕਾਮੀ ਕਲਾਂ ਵਿੱਚ ਜਨ ਸੁਵਿਧਾ ਕੈਂਪ
ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਘਨੌਰ ਦੇ ਪਿੰਡ ਕਾਮੀ ਕਲਾਂ ਵਿੱਚ ਜਨ ਸੁਵਿਧਾ ਕੈਂਪ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਏ ਡੀ ਸੀ ਦਿਹਾਤੀ ਵਿਕਾਸ ਦਮਨਜੀਤ ਸਿੰਘ ਮਾਨ ਵੀ ਮੌਜੂਦ ਸਨ। ਕੈਂਪ ’ਚ ਕਾਮੀ ਕਲਾਂ, ਸੋਗਲਪੁਰ, ਸੋਨੇਮਾਜਰਾ ਤੇ ਉਲਾਣਾ ਦੇ ਵਸਨੀਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਪ੍ਰਦਾਨ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਦਰਪੇਸ਼ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਮੌਕੇ ’ਤੇ ਨਿਪਟਾਰਾ ਕਰਨ ਸਮੇਤ ਕਈ ਸੇਵਾਵਾਂ ਦੇ ਲਾਭ ਦੇਣ ਦੇ ਮੌਕੇ ’ਤੇ ਹੀ ਕਰੀਬ 63 ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਜਾ ਕੇ ਹੀ ਦੂਰ ਕਰਨ ਲਈ ਜ਼ਿਲ੍ਹੇ ਅੰਦਰ ਲਗਾਤਾਰ ਲਗਾਏ ਜਾ ਰਹੇ ਅਜਿਹੇ ਕੈਂਪ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਸਲ ਅਰਥਾਂ ਵਿੱਚ ਲੋਕਾਂ ਦੇ ਦੁਆਰ ’ਤੇ ਪੁੱਜ ਕੇ ਉਨ੍ਹਾਂ ਦੇ ਮਸਲੇ ਹੱਲ ਕਰਨ ਦੇ ਨਾਲ-ਨਾਲ ਸਰਕਾਰੀ ਸਕੀਮਾਂ ਨੂੰ ਲੋਕਾਂ ਤੱਕ ਪੁੱਜਦਾ ਕਰ ਰਹੀ ਹੈ। ਇਸ ਦੌਰਾਨ ਬੀ ਡੀ ਪੀ ਓ ਜਤਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਮਾਲ, ਖੁਰਾਕ ਤੇ ਸਿਵਲ ਸਪਲਾਈਜ਼, ਰੋਜ਼ਗਾਰ ਵਿਭਾਗ, ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ, ਕਿਰਤ, ਖੇਤੀਬਾੜੀ ਵਿਭਾਗਾਂ ਤੇ ਸੇਵਾ ਕੇਂਦਰ ਦੇ ਕਰਮਚਾਰੀ ਅਤੇ ਅਧਿਕਾਰੀ ਮੌਜੂਦ ਸਨ।
