ਝੋਨੇ ਦਾ ਮੁਆਵਜ਼ਾ ਲੈਣ ਲਈ ਡੀਸੀ ਦਫ਼ਤਰ ਅੱਗੇ ਧਰਨਾ
ਹੜ੍ਹ ਤੇ ਹਲਦੀ ਰੋਗ ਕਾਰਨ ਨੁਕਸਾਨੇ ਝੋਨੇ ਦਾ ਮੁਆਵਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਅੱਜ ਇੱਥੇ ਡੀ ਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਕਨਸੂਹਾ ਦੀ ਅਗਵਾਈ ’ਚ ਲੱਗੇ ਇਸ ਧਰਨੇ ਨੂੰ ਯੂਨੀਅਨ ਦੇ ਸੂਬਾਈ ਵਿੱਤ ਸਕੱਤਰ ਦਲਜਿੰਦਰ ਸਿੰਘ ਆਲੋਵਾਲ, ਜਗਮੇਲ ਸਿੰਘ ਸੁੱਧੇਵਾਲ ਤੇ ਰਾਮ ਸਿੰਘ ਮਟੋਰੜਾ ਸਮੇਤ ਕਈ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਦਲਜਿੰਦਰ ਆਲੋਵਾਲ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਇਹ ਮੰਗ ਨਾ ਮੰਨੀ ਤਾਂ ਯੂਨੀਅਨ ਵੱਲੋਂ ਜਲਦੀ ਹੀ ਤਿੱਖਾ ਐਕਸ਼ਨ ਉਲੀਕਿਆ ਜਾਵੇਗਾ। ਦੂਜੇ ਪਾਸੇ ਯੂਨੀਅਨ ਆਗੂਆਂ ਦੇ ਦਬ ਕੇ ਮਗਰੋਂ ਏ ਡੀ ਸੀ ਨੇ ਧਰਨੇ ’ਚ ਪਹੁੰਚ ਕੇ ਮੰਗ ਪੱਤਰ ਹਾਸਲ ਕੀਤਾ। ਇਸ ਤੋਂ ਪਹਿਲਾਂ ਦਲਜਿੰਦਰ ਆਲੋਵਾਲ, ਰਾਮ ਸਿੰਘ ਮਟੋਰੜਾ ਤੇ ਗੁਰਬਚਨ ਸਿੰਘ ਕਨਸੂਹਾ ਸਮੇਤ ਨਾਭਾ ਬਲਾਕ ਦੇ ਪ੍ਰਧਾਨ ਨਿਰਮਲ ਸਿੰਘ ਨਿਰਮਾਣ, ਜ਼ਿਲ੍ਹਾ ਮੀਤ ਪ੍ਰਧਾਨ ਬਲਜੀਤ ਸਿੰਘ ਪੰਜੋਲਾ, ਹਰਭਗਵਾਨ ਸਿੰਘ ਖੇੜੀ ਮਾਨੀਆ, ਬਲਵਿੰਦਰ ਸਿੰਘ ਰੱਖੜਾ, ਸੁਰਜੀਤ ਸਿੰਘ ਲਚਕਾਣੀ, ਮੁਖਤਿਆਰ ਸਿੰਘ ਕੱਕੇਪੁਰ, ਸਰਬਜੀਤ ਸਿੰਘ ਭੜੀ, ਸੁਖਵਿੰਦਰ ਸਿੰਘ ਫ਼ਤਿਹ ਮਾਜਰੀ ਤੇ ਜਗਮੇਲ ਸਿੰਘ ਸੁੱਧੇਵਾਲ ਆਦਿ ਨੇ ਵੀ ਸੰਬੋਧਨ ਕੀਤਾ। ਜਗਮੇਲ ਸਿੰਘ ਸੁੱਧੇਵਾਲ ਨੇ ਦੱਸਿਆ ਕਿ ਮੰਗ ਪੱਤਰ ਹਾਸਲ ਕਰਦਿਆਂ ਏ ਡੀ ਸੀ ਨੇ ਉਨ੍ਹਾਂ ਦੀ ਇਹ ਮੰਗ ਸਰਕਾਰ ਤੱਕ ਅੱਪੜਦੀ ਕਰਨ ਦਾ ਭਰੋਸਾ ਵੀ ਦਿਵਾਇਆ। ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣਾ ਯਕੀਨੀ ਬਣਾਵੇ।