ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਵੱਲੋਂ ਧਰਨਾ
ਇੱਥੇ ਫਰੀਡਮ ਫਾਇਟਰ ਉੱਤਰਾਧਿਕਾਰੀ ਸੰਸਥਾ ਪੰਜਾਬ ਵੱਲੋਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਤੋਂ ਕੁੱਝ ਦੂਰ ਪੁਲ ਹੇਠਾਂ ਧਰਨਾ ਦਿੱਤਾ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਸਰਪ੍ਰਸਤ ਹਰਿੰਦਰਪਾਲ ਸਿੰਘ ਖਾਲਸਾ ਅਤੇ ਸੂਬਾ ਪ੍ਰਧਾਨ ਚਤਿੰਨ ਸਿੰਘ ਮਾਨਸਾ ਨੇ ਕਿਹਾ ਕਿ ਸਾਢੇ ਤਿੰਨ ਸਾਲ ਬੀਤਣ ਦੇ ਬਾਵਜੂਦ ਮੁੱਖ ਮੰਤਰੀ ਨੇ ਆਜ਼ਾਦੀ ਘੁਲਾਟੀਆਂ ਨਾਲ ਮੀਟਿੰਗ ਨਹੀਂ ਕੀਤੀ ਅਤੇ ਆਜ਼ਾਦੀ ਘੁਲਾਟੀਆਂ ਦੇ ਅਸਲ ਵਾਰਸਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਵੱਖ-ਵੱਖ ਜ਼ਿਲ੍ਹਿਆਂ ਤੋਂ ਆਜ਼ਾਦੀ ਘੁਲਾਟੀਆਂ ਦੇ ਵਾਰਸ ਸੰਸਥਾ ਦੀ ਵਰਦੀ ਚਿੱਟੇ ਕੁੜਤੇ ਪਜਾਮੇ ਅਤੇ ਨਾਭੀ ਪੱਗ ਬੰਨ੍ਹ ਕੇ ਧਰਨੇ ਵਿਚ ਸ਼ਾਮਲ ਹੋਏ। ਬੁਲਾਰਿਆਂ ਨੇ ਮੰਗ ਕੀਤੀ ਕਿ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੂੰ 18 ਸਾਲ ਤੋਂ ਉਪਰ ਹੋਣ ’ਤੇ ਸਰਕਾਰੀ ਨੌਕਰੀ ਜਾਂ ਬੇਰੁਜ਼ਗਾਰੀ ਸਨਮਾਨ ਭੱਤਾ 10 ਹਜ਼ਾਰ ਰੁਪਏ ਦਿੱਤਾ ਜਾਵੇ, ਸਨਮਾਨ ਪੈਨਸ਼ਨ 10 ਹਜ਼ਾਰ ਰੁਪਏ ਫਿਕਸ ਕੀਤੀ ਜਾਵੇ, ਵਾਰਸਾਂ ਦਾ ਇਲਾਜ ਕੈਸ਼ ਲੈਸ ਕੀਤਾ ਜਾਵੇ, ਗਮਾਡਾ, ਪੁੱਡਾ ਵਿਚ ਪਲਾਟ ਵਾਰਸਾਂ ਨੂੰ ਦਿੱਤਾ ਜਾਵੇ, ਨੌਕਰੀ ’ਚ ਕੋਟਾ 5 ਫੀਸਦੀ ਕੀਤਾ ਜਾਵੇ ਅਤੇ ਦਫ਼ਤਰਾਂ ਵਿਚ ਬਣਦਾ ਸਨਮਾਨ ਬਹਾਲ ਕੀਤਾ ਜਾਵੇ। ਧਰਨੇ ’ਚ ਜਗਦੀਪ ਸਿੰਘ ਪਟਿਆਲਾ, ਅਸ਼ੋਕ ਕੁਮਾਰ ਫ਼ਤਿਹਗੜ੍ਹ ਸਾਹਿਬ, ਬਲਦੇਵ ਸਿੰਘ ਰੋਪੜ, ਸਕੱਤਰ ਸਿੰਘ ਤਰਨਤਾਰਨ, ਪ੍ਰਮਜੀਤ ਸਿੰਘ ਔਜਲਾ, ਗੁਰਿੰਦਰ ਸਿੰਘ ਆਲ ਇੰਡੀਆ ਕਮੈਟੀ ਮੈਂਬਰ ਤੇ ਸਵਰਨਜੀਤ ਸਿੰਘ ਸੋਨੀ ਸੁਨਾਮ ਆਦਿ ਸ਼ਾਮਲ ਸਨ।
ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਦਾ ਭਰੋਸਾ
Advertisementਧਰਨੇ ਦੌਰਾਨ ਪ੍ਰਸ਼ਾਸਨ ਵਲੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਮੀਟਿੰਗ ਕਰਕੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ। ਇਸ ਸਬੰਧੀ ਤਹਿਸੀਲਦਾਰ ਸੁਨਾਮ ਅਤੇ ਡੀਐੱਸਪੀ ਵਲੋਂ ਲਿਖਤੀ ਪੱਤਰ ਸੰਸਥਾ ਆਗੂਆਂ ਨੂੰ ਸੌਂਪਿਆ।