ਲਵਾਰਸ ਕੁੱਤਿਆਂ ਦੀ ਸਮੱਸਿਆ: ਪਟਿਆਲਾ ਵਿੱਚ ‘ਏ ਬੀ ਸੀ’ ਪ੍ਰੋਗਰਾਮ ਜਾਰੀ
ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਪਰਮਵੀਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਘੁੰਮਦੇ ਲਵਾਰਸ ਕੁੱਤਿਆਂ ਦੀ ਗਿਣਤੀ ’ਤੇ ਕਾਬੂ ਪਾਉਣ ਅਤੇ ਜਨ ਸਿਹਤ ਨੂੰ ਸੁਰੱਖਿਅਤ ਬਣਾਉਣ ਲਈ ਐਨੀਮਲ ਬਰਥ ਕੰਟਰੋਲ (ਏ ਬੀ ਸੀ) ਪ੍ਰੋਗਰਾਮ ਜਾਰੀ ਹੈ। ਉਨ੍ਹਾਂ ਇਸ ਗੱਲ ਦਾ ਪ੍ਰਗਟਾਵਾ ਇੱਥੇ ਸ਼ਹਿਰ ’ਚ ਭਟਕਦੇ ਕੁੱਤਿਆਂ ਦੀ ਨਸਬੰਦੀ ਅਤੇ ਰੇਬੀਜ਼ ਟੀਕਾਕਰਨ ਮੌਕੇ ’ਤੇ ਨਿਗਮ ਟੀਮ ਸਮੇਤ ਮੋਦੀ ਕਾਲਜ ਨੇੜੇ ਬਣੇ ਏ ਬੀ ਸੀ ਸੈਂਟਰ ਦੀ ਚੈਕਿੰਗ ਦੌਰਾਨ ਕੀਤਾ। ਡਾ. ਅੰਕਿਤ ਅਤੇ ਟੀਮ ਦੀ ਅਗਵਾਈ ਹੇਠ ਚੱਲ ਰਹੀ ਇਸ ਮੁਹਿੰਮ ਦੀ ਸ਼ੁਰੂਆਤ ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਵੱਲੋਂ ਕੀਤੀ ਗਈ ਸੀ। ਜੁਲਾਈ ਮਹੀਨੇ ਸ਼ੁਰੂ ਹੋਈ ਇਸ ਮੁਹਿੰਮ ਦੌਰਾਨ ਹੁਣ ਤੱਕ 778 ਲਵਾਰਸ ਕੁੱਤਿਆਂ ਦਾ ਸਫ਼ਲਤਾਪੂਰਵਕ ਸਟੇਰਲਾਈਜੇਸ਼ਨ ਅਤੇ ਟੀਕਾਕਰਨ ਕੀਤਾ ਜਾ ਚੁੱਕਾ ਹੈ।
ਕਮਿਸ਼ਨਰ ਨੇ ਦੱਸਿਆ ਕਿ ਇਸ ਸੈਂਟਰ ਵਿੱਚ 15 ਕੇਨਲ ਬਣਾਏ ਗਏ ਹਨ। ਹਰ ਰੋਜ਼ ਇੱਥੇ ਕੁੱਤਿਆਂ ਦੀ ਸਟੇਰਲਾਈਜੇਸ਼ਨ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਸਰਜਰੀ ਤੋਂ ਬਾਅਦ ਸਹੀ ਦੇਖਭਾਲ ਨਾਲ ਮੁੜ ਉਸੇ ਥਾਂ ਛੱਡਿਆ ਜਾਂਦਾ ਹੈ। ਇਸ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਨ ਲਈ ਪੁਰਾਣੇ ਏ ਬੀ ਸੀ ਸੈਂਟਰ ਨੇੜੇ 24 ਨਵੇਂ ਕੇਨਲਾਂ ਦੀ ਨਿਰਮਾਣ ਪ੍ਰਕਿਰਿਆ ਜਾਰੀ ਹੈ। ਇਸ ਤੋਂ ਇਲਾਵਾ ਇੱਕ ਨਵੀਂ ਸਾਈਟ ਵੀ ਨਿਰਧਾਰਤ ਕੀਤੀ ਗਈ ਹੈ, ਜਿੱਥੇ 50 ਕੇਨਲ ਬਣਾਏ ਜਾਣਗੇ। ਇਨ੍ਹਾਂ ਨਵੇਂ ਕੇਨਲਾਂ ਦੇ ਬਣਨ ਨਾਲ ਨਿਗਮ ਵੱਲੋਂ ਹਰ ਰੋਜ਼ 50 ਕੁੱਤਿਆਂ ਦੀ ਸਟੇਰਲਾਈਜੇਸ਼ਨ ਕਰਨ ਦਾ ਟੀਚਾ ਰੱਖਿਆ ਗਿਆ ਹੈ। ਅਨੁਮਾਨ ਹੈ ਕਿ ਅਗਲੇ ਦੋ ਸਾਲਾਂ ਵਿੱਚ ਪੂਰੇ ਪਟਿਆਲਾ ਸ਼ਹਿਰ ਨੂੰ ਇਸ ਯੋਜਨਾ ਹੇਠ ਕਵਰ ਕਰ ਲਿਆ ਜਾਵੇਗਾ। ਪਾਰਦਰਸ਼ਤਾ ਯਕੀਨੀ ਬਣਾਉਣ ਲਈ ਨਗਰ ਨਿਗਮ ਪਟਿਆਲਾ ਵੱਲੋਂ ਹਰ ਰੋਜ਼ ਦੀਆਂ ਸਟੇਰਲਾਈਜੇਸ਼ਨ ਰਿਪੋਰਟਾਂ ਨਿਗਮ ਦੇ ਅਧਿਕਾਰਕ ਪੋਰਟਲ ’ਤੇ ਅਪਲੋਡ ਕੀਤੀਆਂ ਜਾ ਰਹੀਆਂ ਹਨ।
‘ਮੁਹਿੰਮ ਨੂੰ ਸਫ਼ਲ ਬਣਾਉਣ ’ਚ ਕਸਰ ਨਹੀਂ ਛੱਡਾਂਗੇ’
ਕਮਿਸ਼ਨਰ ਪਰਮਵੀਰ ਸਿੰਘ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਇਹ ਪ੍ਰੋਗਰਾਮ ਪੂਰੀ ਜ਼ਿੰਮੇਵਾਰੀ ਨਾਲ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਵਾਰਸ ਕੁੱਤਿਆਂ ਦੀ ਗਿਣਤੀ ’ਤੇ ਕਾਬੂ ਪਾਉਣਾ ਨਾ ਸਿਰਫ਼ ਜਨ ਸਿਹਤ ਲਈ ਜ਼ਰੂਰੀ ਹੈ ਬਲਕਿ ਇਸ ਨਾਲ ਸ਼ਹਿਰ ਹੋਰ ਵੀ ਸੁਰੱਖਿਅਤ ਅਤੇ ਸਾਫ਼-ਸੁਥਰਾ ਬਣੇਗਾ। ਨਗਰ ਨਿਗਮ ਵੱਲੋਂ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।