ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਨਵੇਂ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਘਨੌਰ ਦੇ ਜੰਡਮਗੌਲੀ, ਕਾਮੀ ਖ਼ੁਰਦ, ਚਮਾਰੂ, ਰੁੜਕਾ, ਰੁੜਕੀ, ਸਲੇਮਪਰ ਅਤੇ ਚੱਪੜ ਆਦਿ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਘੱਗਰ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਘੱਗਰ ਵਿੱਚ ਪਏ ਪਾੜ ਨੂੰ ਜਲਦ ਤੋਂ ਜਲਦ ਪੂਰਿਆ ਜਾਵੇ। ਉਨ੍ਹਾਂ ਆਖਿਆ ਕਿ ਅਨੇਕਾਂ ਥਾਈਂ ਦਰਿਆ ਵਿੱਚ ਪਏ ਪਾੜ ਨੇ ਇਸ ਖੇਤਰ ਦਾ ਵੱਡੇ ਪੱਧਰ ’ਤੇ ਫ਼ਸਲਾਂ ਅਤੇ ਖੇਤਾਂ ਵਿੱਚ ਬੋਰਾਂ ਦਾ ਨੁਕਸਾਨ ਕੀਤਾ ਹੈ। ਚੰਦੂਮਾਜਰਾ ਨੇ ਕਿਹਾ ਕਿ ਘੱਗਰ ਦੀ ਮਾਰ ਕਰਕੇ ਜੰਡਮਗੌਲੀ ਅਤੇ ਨੇੜਲੇ ਪਿੰਡਾਂ ਦੀਆਂ ਜ਼ਮੀਨਾਂ ਵਿੱਚ ਵੱਡੀ ਮਾਤਰਾ ਵਿੱਚ ਗਾਰ ਭਰੀ ਹੋਈ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਪਿੰਡਾਂ ਵਿੱਚ ਡਰੇਨ ਪੁੱਟਣ ਵਾਲਾ ਕੰਮ ਵੀ ਅਧੂਰਾ ਪਿਆ ਹੈ ਅਤੇ ਜੇਸੀਬੀ ਨਾਲ ਪੁੱਟੀ ਗਈ ਡਰੇਨ ਦਾ ਪ੍ਰਸ਼ਾਸਨ ਵੱਲੋਂ ਇੱਕ ਵੀ ਪੈਸਾ ਨਹੀਂ ਦਿੱਤਾ ਗਿਆ। ਚੰਦੂਮਾਜਰਾ ਨੇ ਕਿਹਾ ਕਿ ਇਹ ਮਸਲਾ ਡਿਪਟੀ ਕਮਿਸ਼ਨਰ ਪਟਿਆਲਾ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਘੱਗਰ ਦਾ ਪਾਣੀ ਇਹਨਾਂ ਪਿੰਡਾਂ ਵਿੱਚ ਜਾਣ ਨਾਲ ਜਿੱਥੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉੱਥੇ ਵੱਡੇ ਪੱਧਰ ’ਤੇ ਘਰ ਵੀ ਨੁਕਸਾਨੇ ਗਏ। ਚੰਦੂਮਾਜਰਾ ਨੇ ਹੈਰਾਨੀ ਪ੍ਰਗਟ ਕਰਦਿਆਂ ਆਖਿਆ ਕਿ ਪੰਜਾਬ ਵਿੱਚ ਕੋਈ ਖੇਤੀ ਬੀਮਾ ਯੋਜਨਾ ਹੀ ਨਹੀਂ ਅਤੇ ਨਾ ਹੀ ਪੰਜਾਬ ਪ੍ਰਧਾਨ ਮੰਤਰੀ ਖੇਤੀ ਬੀਮਾ ਯੋਜਨਾ ਦਾ ਹਿੱਸਾ ਹੈ। ਇਸ ਮੌਕੇ ਇਸ ਮੌਕੇ ਭੁਪਿੰਦਰ ਸਿੰਘ ਸ਼ੇਖ਼ੂਪੁਰਾ ਹਲਕਾ ਇੰਚਾਰਜ ਘਨੌਰ, ਲਾਲ ਸਿੰਘ ਮਰਦਾਂਪੁਰ, ਗੁਰਵਿੰਦਰ ਸਿੰਘ ਰਾਮਪੁਰ ਸਰਕਲ ਪ੍ਰਧਾਨ , ਕੁਲਵੰਤ ਸਿੰਘ ਨੰਬਰਦਾਰ ਤੇ ਗੁਰਪ੍ਰੀਤ ਸਿੰਘ ਜੰਡ ਮੰਗੌਲੀ ਮੌਜੂਦ ਸਨ।