ਮੁੱਖ ਮੰਡੀ ’ਚ ਪਾਣੀ ਦੀ ਨਿਕਾਸੀ ਦੇ ਨਾਕਸ ਪ੍ਰਬੰਧ
ਪਾੲੀਪ ਲਾਈਨ ਦੀ ਕਈ ਸਾਲਾਂ ਤੋਂ ਨਹੀਂ ਕਰਵਾਈ ਸਫਾਈ
Advertisement
ਸਮਾਣਾ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ ਹੋਣ, ਸਰਕਾਰ ਤੇ ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਖਰੀਦ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਦਾਅਵਿਆਂ ਦੇ ਬਾਵਜੂਦ ਡਰੇਨੇਜ ਸਿਸਟਮ ਰਾਹੀਂ ਪਾਣੀ ਦੀ ਨਿਕਾਸੀ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ। ਪਿਛਲੇ ਸੀਜ਼ਨ ਦੌਰਾਨ ਪਈ ਮੀਂਹ ਕਾਰਨ ਮੰਡੀ ਵਿੱਚ ਕਣਕ ਦੀਆਂ ਹਜ਼ਾਰਾਂ ਬੋਰੀਆਂ ਭਿੱਜ ਗਈਆਂ ਸਨ। ਆੜ੍ਹਤੀਆਂ ਤੇ ਕਿਸਾਨਾਂ ਨੂੰ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਾਫੀ ਮੁਸ਼ਕਲਾਂ ਵੀ ਆਈਆ ਸਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਝੰਬੋ ਚੋਅ ਨੂੰ ਜਾਂਦੀ ਪਾਈਪਲਾਈਨ ਸਰਪੱਤੀ ਡਰੇਨ ’ਚ ਕਈ ਸਾਲਾਂ ਤੋਂ ਟੁੱਟੀ ਹੋਈ ਹੈ। ਇਸ ਸਬੰਧੀ ਰਿਪੋਰਟਾਂ ਨਸ਼ਰ ਹੋਣ ਬਾਵਜੂਦ ਵੀ ਅਧਿਕਾਰੀਆਂ ਨੇ ਪਾਈਪ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ।
ਮਾਰਕੀਟ ਕਮੇਟੀ ਦੇ ਸਕੱਤਰ ਭਰਪੂਰ ਸਿੰਘ ਨੇ ਸਟੋਰਮ ਵਾਟਰ ਵਾਲੇ ਖੂਹਾਂ ਦੀ ਸਫਾਈ ਕਰਾਉਣ ਦੀ ਪੁਸ਼ਟੀ ਕਰਦਿਆਂ ਡਰੇਨ ਸਿਸਟਮ ਰਾਹੀਂ ਝੰਬੋ ਚੋਅ ’ਚ ਪਾਈਪ ਲਾਈਨ ਰਾਹੀਂ ਹੁੰਦੀ ਪਾਣੀ ਦੀ ਨਿਕਾਸੀ ਬਾਰੇ ਅਗਿਆਨਤਾ ਪ੍ਰਗਟਾਈ।
Advertisement
ਐੱਸਡੀਓ ਮੰਡੀ ਬੋਰਡ ਹਰਜੀਤ ਸਿੰਘ ਨੇ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ ਪਾਈਪ ਲਾਈਨ ਸਾਫ ਕਰਨ ਲਈ ਕੋਈ ਮਤਾ ਪਾ ਕੇ ਨਹੀਂ ਭੇਜਿਆ ਗਿਆ, ਜਦੋਂ ਉਨਾਂ ਨੂੰ ਇਸ ਪਾਈਪ ਲਾਈਨ ਦੇ ਪੂਰੀ ਤਰਹਾਂ ਬੰਦ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਮੰਨਿਆ ਕਿ ਪੀਡਬਲਿਊਡੀ ਵਿਭਾਗ ਦੇ ਕਰਮਚਾਰੀਆਂ ਨੇ ਪਾਈਪ ਲਾਈਨ ਵਿੱਚ ਨਾਜਾਇਜ਼ ਤੌਰ ’ਤੇ ਕੁਨੈਕਸ਼ਨ ਕਰਕੇ ਸੜਕ ਦਾ ਪਾਣੀ ਪਾਇਆ ਗਿਆ ਹੈ, ਜਿਸ ਕਰਕੇ ਇਹ ਪਾਈਪ ਲਾਈਨ ਮਿੱਟੀ ਨਾਲ ਭਰ ਕੇ ਪੂਰੀ ਤਰ੍ਹਾਂ ਬੰਦ ਹੈ। ਜ਼ਿਕਰਯੋਗ ਹੈ ਕਿ ਝੰਬੋ ਚੋਅ ਵਾਲੇ ਡਰੇਨ ਨੂੰ ਜਾਂਦੇ ਪਾਈਪਾਂ ਦੀ ਸਫਾਈ ਲਈ ਹਰ ਸੀਜ਼ਨ ਮਤਾ ਪਾ ਕੇ ਸਿਵਲ ਵਿੰਗ ਨੂੰ ਭੇਜਣਾ ਹੁੰਦਾ ਹੈ, ਪਰ ਉਹ ਕਈ ਸਾਲਾਂ ਤੋਂ ਨਹੀਂ ਭੇਜਿਆ ਗਿਆ।
Advertisement