ਰੇਲ ਰੋਕੋ ਧਰਨੇ ਨੂੰ ਫੇਲ੍ਹ ਕਰਨ ਲਈ ਪੁਲੀਸ ਨੇ ਇੱਕ ਦਰਜਨ ਕਿਸਾਨ ਥਾਣੇ ਡੱਕੇ !
ਭਾਰਤੀ ਕਿਸਾਨ ਯੂਨੀਅਨ ਅਜ਼ਾਦ ਵੱਲੋਂ ਅੱਜ ਸੁਨਾਮ ਵਿਖੇ ਰੱਖੇ ਗਏ ਰੇਲ ਰੋਕੋ ਪ੍ਰੋਗਰਾਮ ਨੂੰ ਫੇਲ੍ਹ ਕਰਨ ਲਈ ਇੱਥੋਂ ਦੀ ਪੁਲੀਸ ਨੇ ਵੱਖ ਵੱਖ ਥਾਵਾਂ ਤੋਂ ਕਾਬੂ ਕਰਕੇ ਇੱਕ ਦਰਜਨ ਕਿਸਾਨ ਆਗੂ ਥਾਣੇ ਵਿੱਚ ਬੰਦ ਕੀਤੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਬਲਾਕ ਆਗੂ ਬਲਵਿੰਦਰ ਸਿੰਘ ਲੱਖੇਵਾਲ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਧਰਨੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਸੂਲਰ ਘਰਾਟ ਵਿਖੇ ਲਗਾਏ ਪੁਲੀਸ ਨਾਕੇ ’ਤੇ ਰੋਕ ਲਿਆ। ਬਾਅਦ ਵਿੱਚ ਉਨ੍ਹਾਂ ਨੂੰ ਭਵਾਨੀਗੜ੍ਹ ਪੁਲੀਸ ਦੇ ਹਵਾਲੇ ਕਰ ਦਿੱਤਾ।
ਉਨ੍ਹਾਂ ਨਾਲ ਦਰਸ਼ਨ ਸਿੰਘ,ਗਿਆਨ ਸਿੰਘ, ਕਰਨੈਲ ਸਿੰਘ ਮੁਨਸ਼ੀ ਵਾਲਾ, ਬਲਵਿੰਦਰ ਸਿੰਘ ਮੁਨਸ਼ੀ ਵਾਲਾ, ਈਸ਼ਰ ਸਿੰਘ ਭਰਾਜ ਅਤੇ ਭਰਪੂਰ ਸਿੰਘ ਭਰਾਜ ਸਨ। ਇਸ ਤੋਂ ਇਲਾਵਾ ਭਵਾਨੀਗੜ੍ਹ ਥਾਣੇ ਵਿੱਚ ਸਤਗੁਰ ਸਿੰਘ ਨਮੋਲ, ਗੁਰਚਰਨ ਸਿੰਘ ਬਿਗੜਵਾਲ, ਨਿਰਮਲ ਸਿੰਘ ਸ਼ਾਹਪੁਰ, ਮੱਖਣ ਸਿੰਘ ਚੀਮਾ ਅਤੇ ਦਾਰਾ ਖਾਂ ਜਗਤਪੁਰਾ ਨੂੰ ਵੀ ਬੰਦ ਕੀਤਾ ਗਿਆ।
ਕਈ ਘੰਟਿਆਂ ਤੋਂ ਬਾਅਦ ਸਾਰੇ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਦੇ ਹੱਕੀ ਸੰਘਰਸ਼ ਨੂੰ ਧੱਕੇਸ਼ਾਹੀ ਨਾਲ ਰੋਕਣਾ ਚਾਹੁੰਦੀ ਹੈ,ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਮਨ ਸ਼ਾਂਤੀ ਬਹਾਲ ਰੱਖਣ ਲਈ ਇਹ ਕਾਰਵਾਈ ਕੀਤੀ ਗਈ ਸੀ।
