ਦੋ ਵਿਭਾਗਾਂ ਦੀ ਜਿੱਦ ’ਚ ਲਟਕੀ ਪਲਾਟ ਦੀ ਰਜਿਸਟਰੀ
ਅਸ਼ਵਨੀ ਗਰਗ
ਸਮਾਣਾ, 28 ਜੂਨ
ਸਾਰੇ ਦਸਤਾਵੇਜ਼ ਮੁਕੰਮਲ ਹੋਣ ਦੇ ਬਾਵਜੂਦ ਤਹਿਸੀਲਦਾਰ ਸਮਾਣਾ ਅਤੇ ਨਗਰ ਕੌਂਸਲ ਅਧਿਕਾਰੀਆਂ ਦੀ ਜਿੱਦ ਕਾਰਨ ਇੱਕ ਗਰੀਬ ਮਹਿਲਾ ਦੇ ਪਲਾਟ ਦੀ ਰਜਿਸਟਰੀ ਨਾ ਸਿਰਫ਼ ਲਟਕ ਗਈ, ਬਲਕਿ ਉਸ ਨੂੰ ਦੋਵੇਂ ਦਫ਼ਤਰਾਂ ਦੇ ਚੱਕਰ ਕਟਵਾ ਕੇ ਬੇਹੱਦ ਖੱਜਲ-ਖੁਆਰ ਕੀਤਾ ਗਿਆ। ਮਹਿਲਾ ਨੇ ਜਿੱਥੇ ਰਜਿਸਟਰੀ ਲਈ ਸਾਰੇ ਦਸਤਾਵੇਜ਼ ਲਾਏ ਸਨ ਉੱਥੇ ਹੀ ਉਸ ਨੇ ਆਪਣੇ 162 ਗਜ਼ ਦੇ ਪਲਾਟ ਦੇ ਬਣਦੇ ਪੈਸਿਆਂ ਦੀ ਥਾਂ 978 ਗਜ ਪਲਾਟ ਦੇ ਪੈਸੇ ਭਰ ਕੇ ਨਗਰ ਕੌਂਸਲ ਤੋਂ ਨੋ ਡਿਊ ਸਰਟੀਫਿਕੇਟ ਜਾਰੀ ਕਰਵਾਇਆ। ਇਸ ਦੇ ਬਾਵਜੂਦ ਤਹਿਸੀਲ ਦਫ਼ਤਰ ਉਸ ਦੀ ਰਜਿਸਟਰੀ ਕਰਨ ਤੋਂ ਇਹ ਕਹਿ ਕੇ ਟਾਲਾ ਵੱਲ ਰਿਹਾ ਹੈ ਕਿ ਉਸ ਕੋਲ 162 ਗਜ ਦਾ ਨੌ ਡਿਊ ਸਰਟੀਫਿਕੇਟ ਨਹੀਂ ਹੈ।
ਪੀੜਤਾ ਦੇ ਭਰਾ ਤਰਸੇਮ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਸੰਗੀਤਾ ਨੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਸਥਾਨਕ ਬੰਮਨਾ ਪੱਤੀ ਵਿੱਚ ਇੱਕ 162 ਗਜ ਦਾ ਪਲਾਟ ਖਰੀਦਿਆ, ਜਿਸ ਦੀ ਰਜਿਸਟਰੀ ਲਈ ਤਹਿਸੀਲ ਦਫ਼ਤਰ ਦੇ ਕਹੇ ਅਨੁਸਾਰ ਉਨ੍ਹਾਂ ਪਲਾਟ ਦਾ ਨੌ ਡਿਊ ਸਰਟੀਫਿਕੇਟ ਲੈਣ ਲਈ ਨਗਰ ਕੌਂਸਲ ਦਫ਼ਤਰ ਦਰਖਾਸਤ ਲਗਾਈ ਪਰ ਨਗਰ ਕੌਂਸਲ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ 162 ਗਜ ਦੇ ਪਲਾਟ ਦਾ ਨੌ ਡਿਊ ਸਰਟੀਫਿਕੇਟ ਦੇਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਇਹ ਪਲਾਟ ਦੀ ਪਹਿਲੀ ਰਜਿਸਟਰੀ 978 ਗਜ਼ ਦੀ ਹੈ ਇਸ ਲਈ ਉਹ ਪੂਰੇ ਪਲਾਟ ਦਾ ਹੀ ਨੌ ਡਿਊ ਸਰਟੀਫਿ਼ਕੇਟ ਜਾਰੀ ਕਰਨਗੇ।
ਉਨ੍ਹਾਂ ਖਰੀਦੇ ਪਲਾਟ ਨਾਲੋਂ ਕਰੀਬ ਚਾਰ ਗੁਣਾ ਵੱਧ ਪਲਾਟ ਦੇ ਪੈਸੇ ਭਰ ਕੇ ਨੌ ਡਿਊ ਸਰਟੀਫਿਕੇਟ ਜਾਰੀ ਕਰਵਾਇਆ। ਤਰਸੇਮ ਕੁਮਾਰ ਨੇ ਦੱਸਿਆ ਕਿ ਸਾਰੇ ਕਾਗਜ਼ ਪੱਤਰ ਪੂਰੇ ਹੋਣ ਦੇ ਬਾਵਜੂਦ ਨਾਇਬ ਤਹਿਸੀਲਦਾਰ ਨੇ ਇਹ ਕਹਿ ਕੇ ਰਜਿਸਟਰੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਨੌ ਡਿਊ ਸਰਟੀਫਿਕੇਟ ਪੂਰੇ ਪਲਾਟ ਦੀ ਥਾਂ ਖਰੀਦੇ ਪਲਾਟ ਦਾ ਹੋਣਾ ਚਾਹੀਦਾ ਹੈ, ਜਿਸ ਕਾਰਨ ਉਨ੍ਹਾਂ ਰਜਿਸਟਰੀ ਕਰਨ ਤੋਂ ਨਾਂਹ ਕਰ ਦਿੱਤੀ।
ਜੇਈ ਤੇ ਤਹਿਸੀਲਦਾਰ ਆਪਣੀ ਗੱਲ ’ਤੇ ਡਟੇ
ਨਗਰ ਕੌਂਸਲ ਦੇ ਜੇਈ ਜਗਦੀਪ ਸਿੰਘ ਨੇ ਕਿਹਾ ਕਿ ਉਹ ਨੋ ਡਿਊ ਸਰਟੀਫਿਕੇਟ ਜਿੰਨੇ ਪਲਾਟ ਦੀ ਰਜਿਸਟਰੀ ਹੈ, ਉਸ ਦਾ ਹੀ ਦੇ ਸਕਦੇ ਹਨ, ਹਿੱਸਿਆਂ ਵਿਚ ਨਹੀਂ। ਨਾਇਬ ਤਹਿਸੀਲਦਾਰ ਗੁਰਬੰਸ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2023 ਵਿਚ ਨੋਟੀਫਿ਼ਕੇਸ਼ਨ ਜਾਰੀ ਕੀਤਾ ਸੀ ਜਿਸ ਅਨੁਸਾਰ ਜਿਹੜਾ ਹਿੱਸਾ ਪਲਾਟ ਦਾ ਖਰਿਦਿਆ ਗਿਆ ਹੈ, ਉਸ ਦਾ ਹੀ ਨੋ ਡਿਊ ਸਰਟੀਫਿ਼ਕੇਟ ਜਾਰੀ ਹੋਵੇਗਾ ਤੇ ਰਜਿਸਟਰੀ ਉਸੇ ਆਧਾਰ ’ਤੇ ਹੋਵੇਗੀ ਜਿਸ ਕਾਰਨ ਉਨ੍ਹਾਂ ਰਜਿਸਟਰੀ ਤੋਂ ਮਨਾ ਕੀਤਾ ਹੈ।
ਐੱਸਡੀਐੱਮ ਵੱਲੋਂ ਕਾਰਵਾਈ ਦਾ ਭਰੋਸਾ
ਐੱਸਡੀਐੱਮ ਰੀਚਾ ਗੋਇਲ ਨੇ ਕਿਹਾ ਕਿ ਨਾਇਬ ਤਹਿਸੀਲਦਾਰ ਅਤੇ ਨਗਰ ਕੌਂਸਲ ਅਧਿਕਾਰੀਆਂ ਕੋਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਹੜਾ ਵੀ ਦੋਸ਼ੀ ਹੋਇਆ ਉਸ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।