ਸਮਾਣਾ ਦੀ ਅਨਾਜ ਮੰਡੀ ਵਿੱਚ ਝੋਨੇ ਦੇ ਢੇਰ ਲੱਗੇ
ਸਮਾਣਾ ਦੀ ਮੁੱਖ ਅਨਾਜ ਮੰਡੀ ਵਿੱਚ ਹਰ ਰੋਜ਼ ਇੱਕ ਲੱਖ ਬੋਰੀ ਝੋਨੇ ਦੀ ਆਮਦ ਹੋ ਰਹੀ ਹੈ। ਚੁਕਾਈ ਨਾ ਹੋਣ ਕਾਰਨ ਮੰਡੀ ਦੇ ਪੱਕੇ ਫੜ੍ਹ ਝੋਨੇ ਦੀਆਂ ਬੋਰੀਆਂ ਨਾਲ ਭਰੇ ਪਏ ਹਨ। ਮੰਡੀ ਵਿੱਚ ਜਗ੍ਹਾ ਨਾ ਹੋਣ ਕਾਰਨ ਰੋਜ਼ਾਨਾ ਆ ਰਹੀ ਝੋਨੇ ਦੀ ਫਸਲ ਨੂੰ ਕਿਸਾਨ ਸੜਕਾਂ ’ਤੇ ਸੁੱਟਣ ਲਈ ਮਜਬੂਰ ਹਨ। ਇਸ ਤੋਂ ਇਲਾਵਾ ਮੰਡੀ ’ਚ ਕਿਸਾਨ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ। ਕਿਉਂਕਿ ਸਹੀ ਸਮੇਂ ’ਤੇ ਪਾਣੀ ਵਾਲੀ ਟੈਂਕੀ ਦਾ ਟਿਊਬਵੈੱਲ ਨਹੀਂ ਚਲਾਇਆ ਜਾਂਦਾ। ਮੰਡੀ ਦੇ ਪਖਾਨਿਆਂ ਦੀ ਹਾਲਤ ਸਫਾਈ ਨਾ ਹੋਣ ਕਾਰਨ ਤਰਸਯੋਗ ਬਣੀ ਹੋਈ ਹੈ। ਅਨਾਜ ਮੰਡੀ ਵਿੱਚ ਲਿਫਟਿੰਗ ਲਈ ਆਉਂਦੇ ਟਰੱਕ ਪੈਸੇ ਲੈ ਕੇ ਪਹਿਲ ਦੇ ਆਧਾਰ ’ਤੇ ਲਿਫਟਿੰਗ ਕਰਦੇ ਹਨ, ਜਿਸ ਦਾ ਆੜ੍ਹਤੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਗਰਗ ਨੇ ਦੱਸਿਆ ਕਿ ਅਨਾਜ ਮੰਡੀ ਵਿੱਚ ਫਸਲ ਜ਼ਿਆਦਾ ਅਤੇ ਲਿਫਟਿੰਗ ਘੱਟ ਹੋ ਰਹੀ ਹੈ। ਇਸ ਕਾਰਨ ਉਨ੍ਹਾਂ ਮਜਬੂਰ ਹੋ ਕੇ ਮੰਡੀ ਵਿੱਚ ਆਉਣ ਵਾਲੀ ਫਸਲ ਨੂੰ ਸੜਕਾਂ ’ਤੇ ਢੇਰੀ ਕਰਵਾਉਣਾ ਪੈ ਰਿਹਾ ਹੈ। ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਅਤੇ ਪਖਾਨਿਆਂ ਦੀ ਸਫਾਈ ਸਮੇਂ ’ਤੇ ਨਹੀਂ ਕੀਤੀ ਜਾ ਰਹੀ, ਜਿਸ ਨਾਲ ਮੰਡੀ ਵਿੱਚ ਆਉਣ ਵਾਲੇ ਕਿਸਾਨ ਅਤੇ ਆੜ੍ਹਤੀ ਪ੍ਰੇਸ਼ਾਨ ਹਨ। ਐੱਸ ਡੀ ਐੱਮ ਸਮਾਣਾ ਰਿਚਾ ਗੋਇਲ ਨੇ ਦੱਸਿਆ ਕਿ ਟਰਾਂਸਪੋਰਟ ਦੀ ਸਮੱਸਿਆ ਸੰਬਧੀ ਯੂਨੀਅਨ ਆਗੂਆਂ ਨਾਲ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਛੇਤੀ ਝੋਨੇ ਦੀ ਲਿਫਟਿੰਗ ਕਰਵਾ ਕੇ ਖਰੀਦ ਏਜੰਸੀਆਂ ਅਨੁਸਾਰ ਸ਼ੈੱਲਰਾਂ ਵਿਚ ਭੇਜਿਆ ਜਾਵੇਗਾ। ਜੋ ਕਮੀਆਂ ਹੋਰ ਹਨ ਉਨ੍ਹਾਂ ਨੂੰ ਵੀ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।
