ਹੜ੍ਹ ਕਾਰਨ ਲੋਕਾਂ ਨੂੰ ਬਿਜਲੀ ਠੱਪ ਹੋਣ ਦੀ ਚਿੰਤਾ
ਇੱਥੇ ਬਾਦਸ਼ਾਹਪੁਰ ਨੇੜੇ ਘੱਗਰ ਵਿੱਚ ਵਧ ਰਹੇ ਪਾਣੀ ਕਾਰਨ ਇਲਾਕੇ ਦੇ ਲੋਕਾਂ ’ਚ ਸਹਿਮ ਹੈ| ਵੱਖ-ਵੱਖ ਪਿੰਡਾਂ ਦੇ ਲੋਕ ਹੜ੍ਹ ਦੇ ਖ਼ਤਰੇ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧਾਂ ਵਿੱਚ ਜੁਟੇ ਹੋਏ ਹਨ। ਹੜ੍ਹ ਦੇ ਡਰ ਤੋਂ ਲੋਕਾਂ ’ਚ ਬਿਜਲੀ ਦੀ ਸਪਲਾਈ ਦੀ ਵੱਡੀ ਚਿੰਤਾ ਹੈ| ਇਸੇ ਕੜੀ ਤਹਿਤ ਬਾਦਸ਼ਾਹਪੁਰ ਸਥਿਤ ਬਿਜਲੀ ਗਰਿੱਡ ਨੂੰ ਹੜ੍ਹਾਂ ਦੀ ਮਾਰ ਤੋਂ ਸੁਰਖਿਅਤ ਰੱਖਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਸਥਾਨਕ ਇਕਾਈ ਦੇ ਆਗੂਆਂ ਤੇ ਹੋਰ ਸਮਾਜ ਸੇਵੀਆਂ ਵੱਲੋਂ ਅੱਜ ਗਰਿੱਡ ਦੁਆਲੇ ਮਿੱਟੀ ਦਾ ਬੰਨ੍ਹ ਬਣਾਇਆ ਗਿਆ ਤਾਂ ਕਿ ਹੜ੍ਹਾਂ ਦਾ ਪਾਣੀ ਗਰਿੱਡ ਦੀ ਮਸ਼ੀਨਰੀ ਨੂੰ ਖਰਾਬ ਨਾ ਕਰ ਸਕੇ| ਦੱਸਣਯੋਗ ਹੈ ਕਿ ਦੋ ਸਾਲ ਪਹਿਲਾਂ ਇਸ ਖੇਤਰ ’ਚ ਘੱਗਰ ਦੇ ਪਾਣੀ ਕਾਰਨ ਗਰਿੱਡ ਦੀ ਮਸ਼ੀਨਰੀ ਖਰਾਬ ਹੋ ਗਈ ਸੀ ਅਤੇ ਲੋਕਾਂ ਨੂੰ ਕਾਫ਼ੀ ਸਮਾਂ ਬਿਜਲੀ ਸਪਲਾਈ ਤੋਂ ਬਗੈਰ ਰਹਿਣ ਲਈ ਮਜਬਰੂ ਹੋਣਾ ਪਿਆ ਸੀ| ਮਹਿਲਾ ਕਿਸਾਨ ਆਗੂ ਚਰਨਜੀਤ ਕੌਰ ਕੰਗ ਤੇ ਕਿਸਾਨ ਆਗੂ ਹਰਭਜਨ ਸਿੰਘ ਬੁੱਟਰ ਦੀ ਅਗਵਾਈ ਹੇਠ ਇਸ ਸੇਵਾ ਕਾਰਜ ਦੀ ਕਾਫੀ ਸ਼ਲਾਘਾ ਹੋ ਰਹੀ ਹੈ| ਦੂਜੇ ਪਾਸੇ ਬਾਦਸ਼ਾਹਪੁਰ ਖੇਤਰ ’ਚੋਂ ਗੁਜ਼ਰਦੇ ਘੱਗਰ ਦੇ ਪਾਣੀ ਦਾ ਪੱਧਰ ਭਾਵੇਂ ਵੱਧ ਰਿਹਾ ਹੈ ਪਰ ਕੰਟਰੋਲ ਹੇਠ ਬਣਿਆ ਹੋਇਆ ਹੈ| ਇਲਾਕੇ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਲੋਕ ਘੱਗਰ ਵਿੱਚ ਸੰਭਾਵੀ ਹੜ੍ਹ ਤੋਂ ਸਹਿਮੇ ਹੋਏ ਹਨ। ਡਰੇਨੇਜ ਵਿਭਾਗ ਦਾ ਸਥਾਨਕ ਅਮਲਾ ਘੱਗਰ ਦੇ ਕਮਜ਼ੋਰ ਬੰਨ੍ਹਾਂ ਨੂੰ ਅੱਜ ਵੀ ਮਜ਼ਬੂਤ ਦਿੱਖ ਦੇਣ ’ਚ ਲੱਗਿਆ ਰਿਹਾ|