ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੋਕਾਂ ਨੂੰ ਘਰਾਂ ਨੇੜੇ ਮਿਲੇਗੀ ਮੈਡੀਕਲ ਸਹੂਲਤ: ਬਲਬੀਰ ਸਿੰਘ

ਸਿਹਤ ਮੰਤਰੀ ਵੱਲੋਂ ਸੱਤ ਮੈਡੀਕਲ ਵੈਨਾਂ ਨੂੰ ਝੰਡੀ; ਪਿੰਡਾਂ ’ਚ ਰੋਜ਼ਾਨਾ ਜਾਣਗੀਆਂ ਵੈਨਾਂ
ਮੈਡੀਕਲ ਵੈਨਾਂ ਰਵਾਨਾ ਕਰਦੇ ਹੋਏ ਸਿਹਤ ਮੰਤਰੀ ਬਲਬੀਰ ਸਿੰਘ।
Advertisement

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸੱਤ ਨਵੀਆਂ ਮੋਬਾਈਲ ਮੈਡੀਕਲ ਵੈਨਾਂ ਨੂੰ ਹਰੀ ਝੰਡੀ ਦੇ ਕੇ ਦਿਹਾਤੀ ਖੇਤਰਾਂ ਵੱਲ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਹੰਸ ਫਾਊਂਡੇਸ਼ਨ ਅਤੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀ ਸਾਂਝੀ ਕੋਸ਼ਿਸ਼ ਹੈ ਜਿਸ ਦਾ ਉਦੇਸ਼ ਪਿੰਡਾਂ ਵਿੱਚ ਲੋਕਾਂ ਤੱਕ ਮੁਫ਼ਤ ਅਤੇ ਮਿਆਰੀ ਸਿਹਤ ਸਹੂਲਤਾਂ ਪਹੁੰਚਾਉਣਾ ਹੈ। ਇਹ ਵੈਨਾਂ ਰੋਜ਼ਾਨਾ ਦੋ ਪਿੰਡਾਂ ਵਿੱਚ ਜਾਣਗੀਆਂ ਤੇ ਲੋਕਾਂ ਨੂੰ ਘਰਾਂ ਨੇੜੇ ਮੈਡੀਕਲ ਸਹੂਲਤ ਮਿਲੇਗੀ। ਇਸ ਮੌਕੇ ਬੋਲਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਪੰਜਾਬ ਸਰਕਾਰ ਦੇ ‘ਸਿਹਤ ਸੇਵਾਵਾਂ ਹਰ ਵਿਅਕਤੀ ਤੱਕ’ ਉਦੇਸ਼ ਨੂੰ ਹਕੀਕਤ ਬਣਾਉਣ ਵੱਲ ਮਹੱਤਵਪੂਰਨ ਕਦਮ ਹੈ। ਇਨ੍ਹਾਂ ਮੋਬਾਈਲ ਵੈਨਾਂ ਵਿੱਚ ਇੱਕ ਤਜਰਬੇਕਾਰ ਡਾਕਟਰ, ਫਾਰਮਾਸਿਸਟ, ਲੈਬ ਟੈਕਨੀਸ਼ੀਅਨ ਅਤੇ ਸਮਾਜਿਕ ਵਿਕਾਸ ਅਫ਼ਸਰ ਮੌਜੂਦ ਹੋਣਗੇ। ਉਨ੍ਹਾਂ ਕਿਹਾ ਕਿ ਮੋਬਾਈਲ ਮੈਡੀਕਲ ਵੈਨਾਂ ਲੋਕਾਂ ਲਈ ਵਾਰਦਾਨ ਸਾਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਵੈਨਾਂ ਰੋਜ਼ਾਨਾ ਪਿੰਡਾਂ ’ਚ ਲੋਕਾਂ ਨੂੰ ਸਿੱਧੀ ਸਿਹਤ ਸੇਵਾ ਮੁਹੱਈਆ ਕਰਵਾਉਣਗੀਆਂ ਅਤੇ ਹਰ ਵੈਨ ਵਿੱਚ ਸਾਰੇ ਜ਼ਰੂਰੀ ਟੈਸਟਾਂ ਲਈ ਸਾਜੋ-ਸਾਮਾਨ ਮੌਜੂਦ ਹੋਵੇਗਾ। ਮੁਫ਼ਤ ਟੈਸਟ, ਮੁਫ਼ਤ ਦਵਾਈਆਂ ਅਤੇ ਡਾਕਟਰੀ ਸਲਾਹ ਮਿਲੇਗੀ।

ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਲਿਆਂਦੇ ਜਾ ਰਹੇ ਸੁਧਾਰਾਂ ਤਹਿਤ ਇਹ ਇੱਕ ਨਿਵੇਕਲਾ ਉਪਰਾਲਾ ਹੈ ਜੋ ਸਿੱਧਾ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰੇਗਾ। ਮੋਬਾਈਲ ਮੈਡੀਕਲ ਕਲੀਨਿਕ ਇੱਕ ਚੱਲਦਾ-ਫਿਰਦਾ ਹਸਪਤਾਲ ਹੈ ਜੋ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ ਜੋ ਕਿਸੇ ਕਾਰਨ ਕਰਕੇ ਹਸਪਤਾਲ ਜਾਂ ਡਿਸਪੈਂਸਰੀ ਤੱਕ ਨਹੀਂ ਪਹੁੰਚ ਸਕਦੇ। ਸਿਹਤ ਮੰਤਰੀ ਨੇ ਦੱਸਿਆ ਕਿ ਇਹ ਵੈਨਾਂ ਨਾ ਸਿਰਫ਼ ਸਿਹਤ ਸੇਵਾਵਾਂ ਦੇਣਗੀਆਂ, ਸਗੋਂ ਸਿਹਤ ਸਬੰਧੀ ਜਾਗਰੂਕਤਾ ਵੀ ਫੈਲਾਉਣਗੀਆਂ। ਇਸ ਰਾਹੀਂ ਲੋਕਾਂ ਨੂੰ ਉਚਿਤ ਸਲਾਹ, ਨਿਯਮਤ ਦਵਾਈ, ਲੋੜੀਂਦੇ ਟੈਸਟ ਅਤੇ ਤੁਰੰਤ ਸਹੂਲਤ ਮਿਲੇਗੀ। ਹੰਸ ਫਾਊਂਡੇਸ਼ਨ ਨਾਲ ਇਹ ਸਾਂਝਦਾਰੀ ਸਰਕਾਰੀ-ਗੈਰ ਸਰਕਾਰੀ ਸਾਂਝ ਦੇ ਸਰਵੋਤਮ ਨਮੂਨੇ ਵਜੋਂ ਸਾਹਮਣੇ ਆਉਂਦੀ ਹੈ। ਡਾ. ਬਲਬੀਰ ਸਿੰਘ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਮਕਸਦ ਸਿਹਤ ਸੇਵਾਵਾਂ ਨੂੰ ਸਿਰਫ਼ ਸ਼ਹਿਰੀ ਖੇਤਰਾਂ ਤੱਕ ਸੀਮਿਤ ਨਾ ਰੱਖ ਕੇ ਹਰ ਪਿੰਡ, ਹਰੇਕ ਦਿਹਾਤੀ ਖੇਤਰ ਤੱਕ ਲੈ ਕੇ ਜਾਣਾ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਜਿਹੇ ਮੋਬਾਈਲ ਕਲੀਨਿਕ ਯੂਨਿਟ ਤਿਆਰ ਕਰਕੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭੇਜੇ ਜਾਣਗੇ ਅਤੇ ਪਿੰਡਾਂ ਵਿਚ ਅਲਟਰਾਸਾਊਂਡ ਮਸ਼ੀਨਾਂ ਵੀ ਉਪਲੱਬਧ ਕਰਵਾਈਆਂ ਜਾਣਗੀਆਂ। ਇਸ ਮੌਕੇ ਪ੍ਰਾਜੈਕਟ ਦੇ ਕੋਆਰਡੀਨੇਟਰ ਅਨਿਰੁੱਧ, ਹੰਸ ਫਾਊਂਡੇਸ਼ਨ ਤੋਂ ਸੀਮਾ ਸਿੰਘ, ਹਰੀਸ਼ ਪਾਂਡੇ, ਕੌਂਸਲਰ ਜਸਬੀਰ ਗਾਂਧੀ ਤੇ ਗੁਰਕਿਰਪਾਲ ਸਿੰਘ ਕਸਿਆਣਾ ਆਦਿ ਮੌਜੂਦ ਸਨ।

Advertisement

Advertisement
Show comments