ਰਾਜਪਾਲ ਨੂੰ ਉਡੀਕਦੇ ਰਹੇ ਲੋਕ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਦੂਜੀ ਵਾਰ ਵੀ ਟਾਂਗਰੀ ਨਦੀ ਦੌਰਾ ਮੁਲਤਵੀ ਹੋ ਗਿਆ। ਰਾਜਪਾਲ ਨੇ ਸਬ ਡਵੀਜ਼ਨ ਦੁੱਧਣ ਸਾਧਾਂ ਦੇ ਪਿੰਡ ਦੁੱਧਣ ਗੁੱਜਰਾਂ ਸਥਿਤ ਟਾਂਗਰੀ ਨਦੀ ਦਾ ਦੌਰਾ ਕਰਨਾ ਲਈ ਦੁਪਹਿਰ 1 ਵਜੇ ਆਉਣਾ ਸੀ। ਟਾਂਗਰੀ ਨਦੀ ਦੇ ਬੰਨ੍ਹ ’ਤੇ ਰਾਜਪਾਲ ਨੂੰ ਮਿਲਣ ਲਈ ਭਾਜਪਾ ਸਮਰਥਕ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਪ੍ਰਸ਼ਾਸਨਿਕ ਅਧਿਕਾਰੀ ਅਤੇ ਸਥਾਨਕ ਲੋਕ ਸ਼ਾਮ ਤੱਕ ਉਡੀਕ ਕਰਦੇ ਰਹੇ ਪਰ ਰਾਜਪਾਲ ਨਹੀਂ ਪੁਹੰਚੇ।
ਲੋਕ ਸੂਚਨਾ ਵਿਭਾਗ ਨੇ ਪੱਤਰਕਾਰਾਂ ਨੂੰ ਕਵਰੇਜ ਕਰਨ ਲਈ ਪਹਿਲਾਂ 11 ਸਤੰਬਰ ਨੂੰ ਸੱਦਾ ਭੇਜਿਆ ਸੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਦੌਰਾ ਰੱਦ ਹੋ ਗਿਆ ਸੀ। ਹੁਣ ਦੁਬਾਰਾ ਰਾਜਪਾਲ ਵੱਲੋਂ ਸਬ ਡਵੀਜ਼ਨ ਦੁੱਧਣ ਸਾਧਾਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਜਾਣਾ ਸੀ ਪਰ ਰਾਜਪਾਲ ਅੱਜ ਵੀ ਨਾ ਪਹੁੰਚੇ। ਕਈ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਪੁਹੰਚੇ ਸਨ ਅਤੇ ਹੜ੍ਹ ਪ੍ਰਭਾਵਿਤ ਲੋਕ ਆਪਣਾ ਦੁੱਖ ਦੱਸਣ ਲਈ ਪੂਰੀ ਦੁਪਹਿਰ ਉਡੀਕਦੇ ਰਹੇ। ਪੁਲੀਸ ਮੁਲਾਜ਼ਮ ਕੜਕਦੀ ਧੁੱਪ ਵਿੱਚ ਸੜਕ ’ਤੇ ਪਹਿਰਾ ਦਿੰਦੇ ਰਹਿ ਗਏ। ਟਾਂਗਰੀ ਨਦੀ ਦੇ ਪਾਣੀ ਨਾਲ ਪ੍ਰਭਾਵਿਤ ਲੋਕਾਂ ਨੂੰ ਆਸ ਸੀ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਨ੍ਹਾਂ ਨਾਲ ਮੁਲਾਕਾਤ ਕਰਕੇ ਸਮੱਸਿਆਂ ਦਾ ਹੱਲ ਕਰਵਾਉਣਗੇ। ਟਾਂਗਰੀ ਨਦੀ ਵਿੱਚ ਆਏ ਪਾਣੀ ਨਾਲ ਕਰੀਬ ਬਾਰਾਂ ਸੌ ਏਕੜ ਝੋਨੇ ਦੀ ਫ਼ਸਲ ਖ਼ਰਾਬ ਹੋਈ ਹੈ। ਕਿਸਾਨ ਰਾਜਪਾਲ ਵੱਲੋਂ ਕੀਤੇ ਜਾ ਰਹੇ ਟਾਂਗਰੀ ਨਦੀ ਦੇ ਦੌਰੇ ਨੂੰ ਫ਼ੈਸਲਾਂ ਦੇ ਮੁਆਵਜ਼ੇ ਨਾਲ ਜੋੜ ਕੇ ਦੇਖ ਰਹੇ ਸਨ। ਰਾਜਪਾਲ ਦਾ ਦੂਜੀ ਵਾਰ ਦੌਰਾ ਰੱਦ ਹੋਣ ਨਾਲ ਲੋਕਾਂ ਵਿੱਚ ਨਿਰਾਸ਼ਾ ਹੈ। ਰਾਜਪਾਲ ਦੇ ਟਾਂਗਰੀ ਨਦੀ ’ਤੇ ਨਾਂ ਪਹੁੰਚਣ ਦਾ ਕਾਰਨ ਲੇਟ ਹੋਣਾ ਦੱਸਿਆ ਜਾ ਰਿਹਾ ਹੈ।