ਦਹਿਸ਼ਤ ਵਿੱਚ ਜੀਅ ਰਹੇ ਨੇ ਪੰਜਾਬ ਦੇ ਲੋਕ: ਖਹਿਰਾ
ਕਾਂਗਰਸ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਆਗੂ ਸੁਖਪਾਲ ਖਹਿਰਾ ਨੇ ਕਿਹਾ ਕਿ ਮਨੀਸ਼ ਸਿਸੋਦੀਆ ਦੇ ਬਿਆਨ ਮਗਰੋਂ ਆਮ ਆਦਮੀ ਪਾਰਟੀ ਦੇ ਕਾਰਕੁਨ ਹਿੰਸਕ ਹੋ ਗਏ ਹਨ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਤਲਵੰਡੀ ਸਾਬੋ ਹਲਕੇ ਦੇ ਦਿਲਬਾਗ ਸਿੰਘ ਰਾਮਾ ’ਤੇ ਬੀਤੇ ਦਿਨੀਂ ਪਟਿਆਲਾ ਨੇੜੇ ਹਮਲਾ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਤਿੰਨ ਦਿਨ ਬੀਤਣ ਦੇ ਬਾਵਜੂਦ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਪੀੜਤ ਦਾ ਇਲਾਜ ਸ਼ੁਰੂ ਨਹੀਂ ਹੋਇਆ ਸਗੋਂ ਉਸ ਦੇ ਜ਼ਖ਼ਮ ਛੁਪਾਉਣ ਲਈ ਸਿਰਫ਼ ਫ਼ਰਜ਼ੀ ਤੌਰ ’ਤੇ ਪੱਟੀਆਂ ਹੀ ਕੀਤੀਆਂ ਹਨ। ਸੁਖਪਾਲ ਸਿੰਘ ਖਹਿਰਾ ਇੱਥੇ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਦਿਲਬਾਗ ਸਿੰਘ ਦਾ ਹਾਲ-ਚਾਲ ਪੁੱਛਣ ਲਈ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨਾਲ ਕਾਂਗਰਸੀ ਆਗੂ ਖੁਸ਼ਪਾਲ ਸਿੰਘ ਜਟਾਣਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ, ਕਿਸਾਨ ਵਿੰਗ ਦੇ ਆਗੂ ਸਤਵਿੰਦਰ ਸਿੰਘ ਬਿੱਟੂ ਵੀ ਸਨ।
ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਜੰਗਲ ਰਾਜ ਹੈ ਜਿੱਥੇ ਹਰ ਇਕ ਪੰਜਾਬੀ ਦਹਿਸ਼ਤ ਵਿੱਚ ਜੀਅ ਰਿਹਾ ਹੈ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਹਲਕੇ ਦਾ ਦਿਲਬਾਗ ਸਿੰਘ ਰਾਮਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਹੈ। ਉਹ ‘ਆਪ’ ਸਰਕਾਰ ਦੀ ਧੱਕੇਸ਼ਾਹੀ ਲੋਕਾਂ ਸਾਹਮਣੇ ਨਸ਼ਰ ਕਰਦਾ ਹੈ ਜਿਸ ਕਰਕੇ ਉਸ ’ਤੇ ਪਟਿਆਲਾ ਸੰਗਰੂਰ ਰੋਡ ’ਤੇ ਚੰਨੋ ਸ਼ਰਮਾ ਢਾਬੇ ਹਮਲਾ ਕੀਤਾ ਗਿਆ ਤੇ ਉਸ ਦੀਆਂ ਲੱਤਾਂ, ਬਾਹਾਂ ਤੇ ਦੰਦ ਤੋੜ ਦਿੱਤੇ। ਵਿਧਾਇਕ ਖਹਿਰਾ ਨੇ ਕਿਹਾ ਹੈ ਕਿ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਕੇਸ ਵਾਂਗ ਪੁਲੀਸ ਇਸ ਮਾਮਲੇ ਨੂੰ ਵੀ ਦਬਾਉਣਾ ਚਾਹੁੰਦੀ ਹੈ, ਪਰ ਉਹ ਇਸ ਮਾਮਲੇ ਨੂੰ ਦਬਾਉਣ ਨਹੀਂ ਦੇਣਗੇ। ਉਹ ਹਰ ਹਾਲਤ ਸੰਘਰਸ਼ ਕਰਕੇ ਇਸ ਮਾਮਲੇ ਵਿੱਚ ਸ਼ਾਮਲ ਮੁਲਜ਼ਮਾਂ ਕਟਹਿਰੇ ਤੱਕ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਮਨੀਸ਼ ਸਿਸੋਦੀਆ ਦੇ ਬਿਆਨ ਮਗਰੋਂ ਹੋ ਰਿਹਾ ਹੈ। ਉਸ ਦੇ ਬਿਆਨ ਤੋਂ ਬਾਅਦ ਹੀ ਵਿਰੋਧੀਆਂ ਨੂੰ ਕਿਸੇ ਵੀ ਹਾਲਤ ਦਬਾਉਣ ਦੀ ਕਾਰਵਾਈ ਚੱਲ ਰਹੀ ਹੈ।
ਰਾਜਿੰਦਰਾ ਹਸਪਤਾਲ ਦੇ ਡਾਕਟਰ ਵੱਲੋਂ ਕਿਹਾ ਗਿਆ ਕਿ ਉਹ ਦਿਲਬਾਗ ਦੀਆਂ ਰਿਪੋਰਟਾਂ ਦੀ ਉਡੀਕ ਕਰ ਰਹ ਹਨ ਉਸ ਤੋਂ ਬਾਅਦ ਕਾਰਵਾਈ ਹੋਵੇਗੀ, ਪਰ ਮੁੱਢਲਾ ਇਲਾਜ ਸ਼ੁਰੂ ਹੋ ਗਿਆ ਹੈ।