ਮੁੱਖ ਬਾਜ਼ਾਰਾਂ ਵਿੱਚ ਲੱਗਦੇ ਜਾਮ ਕਾਰਨ ਲੋਕ ਪ੍ਰੇਸ਼ਾਨ
ਸਥਾਨਕ ਸ਼ਹਿਰ ਵਿਚ ਸੜਕਾਂ ਦੇ ਦੋਵੇਂ ਕਿਨਾਰਿਆਂ ਤੇ ਨਾਜਾਇਜ਼ ਤੌਰ ’ਤੇ ਖੜ੍ਹੇ ਕੀਤੇ ਜਾਂਦੇ ਵਾਹਨਾਂ ਕਾਰਨ ਹਮੇਸ਼ਾ ਟ੍ਰੈਫਿਕ ਜਾਮ ਰਹਿੰਦਾ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟ੍ਰੈਫਿਕ ਪੁਲੀਸ ਮੁਲਾਜ਼ਮਾਂ ਦੀ ਘਾਟ ਕਾਰਨ ਸ਼ਹਿਰ ਦੇ ਹਰ ਬਾਜ਼ਾਰ ਵਿੱਚ ਪਹੁੰਚਣ ’ਚ ਅਸਮਰਥ ਹੈ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਬੱਸ ਸਟੈਂਡ-ਤਹਿਸੀਲ ਰੋਡ, ਗਾਂਧੀ ਗਰਾਊਂਡ, ਵੜੈਚਾ ਰੋਡ, ਕ੍ਰਿਸ਼ਨਾ ਮਾਰਕੀਟ ਤੋਂ ਇਲਾਵਾ ਹੋਰ ਮੁੱਖ ਬਾਜ਼ਾਰਾਂ ਵਿਚ ਸਾਰਾ ਦਿਨ ਜਾਮ ਲੱਗੇ ਰਹਿਣ ਕਾਰਨ ਸ਼ਹਿਰ ਵਾਸੀਆਂ ਲਈ ਸਿਰ ਦਰਦੀ ਬਣਿਆ ਹੋਇਆ ਹੈ। ਇਥੋਂ ਤੱਕ ਕਿ ਸਿਵਲ ਹਸਪਤਾਲ ’ਚੋਂ ਗੰਭੀਰ ਹਾਲਤ ਦੇ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀਆਂ ਐਬੂਲੈਂਸਾਂ ਵੀ ਇਸ ਜਾਮ ਵਿੱਚ ਫਸ ਜਾਂਦੀਆਂ ਹਨ। ਇਸ ਸੰਬਧੀ ਟਰੈਫਿਕ ਪੁਲੀਸ ਮੁਖੀ ਝਿਰਮਲ ਸਿੰਘ ਨੇ ਦੱਸਿਆ ਕਿ ਵਾਹਨਾਂ ਲਈ ਪਾਰਕਿੰਗ ਦੀ ਘਾਟ ਕਾਰਨ ਲੋਕ ਖਰੀਦਦਾਰੀ ਕਰਦੇ ਸਮੇਂ ਕਈ-ਕਈ ਘੰਟੇ ਆਪਣੇ ਵਾਹਨ ਸੜਕ ਕਿਨਾਰੇ ਖੜ੍ਹੇ ਕਰ ਜਾਂਦੇ ਹਨ। ਜਿਸ ਕਾਰਨ ਜਾਮ ਲੱਗ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਨਿਰਧਾਰਿਤ ਪਾਰਕਿੰਗ ਵਾਲੀ ਜਗ੍ਹਾ ’ਤੇ ਖੜੇ ਕਰਨ ਤਾਂ ਜੋਂ ਪਬਲਿਕ ਨੂੰ ਲੱਗਦੇ ਜਾਮ ਤੋਂ ਰਾਹਿਤ ਮਿਲ ਸਕੇ।
