ਜੈ ਨਗਰ ’ਚ ਦੂੁਸ਼ਿਤ ਪਾਣੀ ਤੋਂ ਲੋਕ ਔਖੇ
ਨਗਰ ਪੰਚਾਇਤ ਦੇਵੀਗੜ੍ਹ ਅਧੀਨ ਆਉਂਦੇ ਪਿੰਡ ਜੈ ਨਗਰ ਵਿੱਚ ਦੂਸ਼ਿਤ ਪਾਣੀ ਦੀ ਨਿਕਾਸੀ ਦਾ ਬੁਰਾ ਹਾਲ ਹੈ।
ਪਿੰਡ ਵਿੱਚ ਬਣੀਆਂ ਬਹੁਤ ਸਾਰੀਆਂ ਨਾਲੀਆਂ ਵਿੱਚ ਨਿਕਾਸੀ ਨਾ ਹੋਣ ਕਰਕੇ ਦੂਸ਼ਿਤ ਪਾਣੀ ਸੜਕ ’ਤੇ ਬਣੇ ਟੋਇਆਂ ’ਚ ਖੜ੍ਹ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਰੁੜਕੀ ਬੁੱਧ ਸਿੰਘ ਦੇ ਸਮਾਜ ਸੇਵੀ ਅਤੇ ਸੀਨੀਅਰ ਆਗੂ ਮਨਜਿੰਦਰ ਸਿੰਘ ਸੰਧਰ ਸਣੇ ਹੋਰਾਂ ਨੇ ਦੱਸਿਆ ਕਿ ਇਹ ਪਿੰਡ ਨਗਰ ਪੰਚਾਇਤ ਦੇਵੀਗੜ੍ਹ ਅਧੀਨ ਆਉਂਦਾ ਹੈ ਪਰ ਨਗਰ ਪੰਚਾਇਤ ਨੇ ਇਸ ਪਿੰਡ ਦੇ ਦੂਸ਼ਿਤ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਹੀਂ ਕੀਤਾ। ਪਿੰਡ ਦੀਆਂ ਬਹੁਤ ਸਾਰੀਆਂ ਨਾਲੀਆਂ ਵਿੱਚ ਦੂਸ਼ਿਤ ਪਾਣੀ ਦੀ ਨਿਕਾਸੀ ਬੰਦ ਹੋਈ ਪਈ ਹੈ, ਜਿਸ ਕਰਕੇ ਪਾਣੀ ਉੱਛਲ ਕੇ ਗਲੀਆਂ ਅਤੇ ਬਹਿਰੂ ਨੂੰ ਜਾਂਦੀ ਮੁੱਖ ਸੜਕ ’ਤੇ ਖੜ੍ਹ ਜਾਂਦਾ ਹੈ। ਇਸ ਕਾਰਨ ਸਕੂਲੀ ਵਿਦਿਆਰਥੀਆਂ ਅਤੇ ਰਾਹਗੀਰਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦੇਵੀਗੜ੍ਹ ਤੋਂ ਪਿੰਡ ਜੈਨਗਰ, ਰੁੜਕੀ ਅਤੇ ਬਹਿਰੂ ਨੂੰ ਜਾਂਦੀ ਸੜਕ ’ਤੇ ਟੋਇਆਂ ਵਾਲੀ ਕੁਝ ਜਗ੍ਹਾ ’ਤੇ ਨਗਰ ਪੰਚਾਇਤ ਨੇ ਇੰਟਰਲਾਕ ਟਾਈਲਾਂ ਲਾਈਆਂ ਸਨ ਪਰ ਇਸ ਵੇਲੇ ਉਹ ਵੀ ਉਖੜ ਗਈਆਂ ਹਨ, ਜਿਸ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਸੰਧਰ ਨੇ ਕਿਹਾ ਕਿ ਨਗਰ ਪੰਚਾਇਤ ਦੇ ਅਧਿਕਾਰੀ ਇਸ ਪਾਸੇ ਵੀ ਧਿਆਨ ਰਹੀਂ ਦੇ ਰਹੇ।
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੇ ਨੁਮਾਇੰਦਿਆਂ ਤੋਂ ਮੰਗ ਕੀਤੀ ਕਿ ਪਿੰਡ ਵਿਚਲੇ ਦੂਸ਼ਿਤ ਪਾਣੀ ਦੀ ਨਿਕਾਸੀ ਕਰਵਾਏ ਜਾਵੇ ਅਤੇ ਦੇਵੀਗੜ੍ਹ ਤੋਂ ਬਹਿਰੂ, ਸਰੁਸਤੀਗੜ੍ਹ ਸੜਕ ਦੀ ਮੁਰੰਮਤ ਕਰਵਾਈ ਜਾਵੇ। ਇਸ ਮੌਕੇ ਮਨਜਿੰਦਰ ਸਿੰਘ ਸੰਧਰ ਤੋਂ ਇਲਾਵਾ ਮੁਖਤਿਆਰ ਸਿੰਘ ਬਹਿਰੂ, ਗੁਰਦੇਵ ਸਿੰਘ, ਫੌਜੀ ਜੈਨਗਰ, ਗੁਰਜੀਤ ਸਿੰਘ ਲਾਲੀ, ਪੱਪੂ ਰੁੜਕੀ ਅਤੇ ਅਜੈ ਕੁਮਾਰ ਹਾਜ਼ਰ ਸਨ।
