ਪੈਨਸ਼ਨਰਾਂ ਨੇ ਦਫ਼ਤਰ ਘੇਰਿਆ
ਸਾਰੇ ਵਰਗਾਂ ਨੂੰ ਮੁਫ਼ਤ ਬੱਸ ਸਫਰ ਦੀ ਸਹੂਲਤ ਬੰਦ ਕਰਨ, ਪੀ ਆਰ ਟੀਸੀ ’ਚ ਐੱਮ ਡੀ ਦੀ ਪੱਕੀ ਤਾਇਨਾਤੀ, ਪੈਨਸ਼ਨਰਾਂ ਦੇ ਬਕਾਇਆਂ ਦੀ ਅਦਾਇਗੀ ਤੇ ਸਮੇਂ ਸਿਰ ਪੈਨਸ਼ਨ ਜਾਰੀ ਕਰਨ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਪੈਨਸ਼ਨਰਾਂ ਵੱਲੋਂ ਪੀ ਆਰ ਟੀ ਸੀ ਪੈਨਸ਼ਨਰਜ ਐਸੋਸੀਏਸ਼ਨ ਨੇ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਅਤੇ ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਦੀ ਅਗਵਾਈ ਵਿੱਚ ਪੀ ਆਰ ਟੀ ਸੀ ਦੇ ਇਥੇ ਸਥਿਤ ਮੁੱਖ ਦਫਤਰ ਦੇ ਸਾਹਮਣੇ ਮੁੱਖ ਗੇਟ ’ਤੇ ਧਰਨਾ ਦਿਤਾ ਗਿਆ। ਜਿਸ ਦੌਰਾਨ ਇਨ੍ਹਾਂ ਬਜ਼ੁਰਗਾਂ ਨੇ ਸਰਕਾਰ ਅਤੇ ਮੈਨੇਜਮੈਂਟ ਦੇ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਖੂਬ ਭੜਾਸ ਕੱਢੀ।
ਸਕੱਤਰ ਜਨਰਲ ਹਰੀ ਸਿੰਘ ਤਰਕ ਤੇ ਹੋਰ ਬੁਲਾਰਿਆਂ ਦਾ ਕਹਿਣਾ ਸੀ ਸਰਕਾਰ ਤੇ ਮੈਨੇਜਮੈਂਟ ਦੀਆਂ ਗੈਰ ਮਿਆਰੀ ਨੀਤੀਆਂ ਦਾ ਖਮਿਆਜ਼ਾ ਮੁਲਾ਼ਮ ਅਤੇ ਪੈਨਸ਼ਨਰ ਭੁਗਤ ਰਹੇ ਹਨ। ਇਨ੍ਹਾਂ ਦੇ ਨਾਹ ਪੱਖੀ ਰਵੱਈਏ ਨੇ ਅਦਾਰੇ ਨੂੰ ਨਿਘਾਰ ਵੱਲ ਧਕੇਲ ਦਿੱਤਾ ਹੈ। ਤਰਕ ਸੀ ਕਿ ਮੁਫਤ ਬੱਸ ਸਫ਼ਰ ਨਾਲ਼ ਸਲਾਨਾ 500 ਕਰੋੜ ਦਾ ਨੁਕੁਸਾਨ ਹੋ ਰਿਹਾ ਹੈ। ਅਰਬਾਂ ਰੁਪਏ ਸਰਕਾਰ ਵੱਲ ਬਕਾਇਆ ਹੋਣ ਕਾਰਨ ਉਨ੍ਹਾਂ ਨੂੰ ਤਨਖਾਹਾਂ ਤੇ ਪੈਨਸ਼ਨਾ ਵੀ ਸਮੇ ਸਿਰ ਨਹੀਂ ਮਿਲਦੀਆਂ। ਸਾਰੀ ਉਮਰ ਅਦਾਰੇ ਦੀ ਸੇਵਾ ਕਰਕੇ ਹੁਣ ਉਨ੍ਹਾਂ ਨੂੰ ਬੁਢਾਪੇ ’ਚ ਵੀ ਸੜਕਾਂ ’ਤੇ ਧੱਕੇ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਅਦਾਰੇ ਅੰਦਰ ਲੁੱਟ ਖਸੁੱਟ ਦਾ ਰੁਝਾਨ ਜਾਰੀ ਹੋਣ ਦੇ ਦੋਸ਼ ਲਾਉਂਦਿਆਂ ਕਿਲੋਮੀਟਰ ਸਕੀਮ ਦਾ ਵੀ ਵਿਰੋਧ ਕੀਤਾ। ਇਸ ਮੌਕੇ ਬਚਨ ਸਿੰਘ ਅਰੋੜਾ, ਗੁਰਮੀਤ ਸਿੰਘ ਕਪੂਰਥਲਾ, ਸੁਖਜੀਤ ਸਿੰਘ ਬਠਿੰਡਾ, ਗਿਆਨ ਸ਼ਰਮਾ, ਮਦਨ ਮੋਹਨ, ਬਲਵੰਤ ਸਿੰਘ ਜੋਗਾ, ਬਚਿੱਤਰ ਲੁਧਿਆਣਾ, ਜਗਤਾਰ ਪਟਿਆਲਾ, ਹਰਭਜਨ ਚੰਡੀਗੜ੍ਹ ਆਦਿ ਨੇ ਵੀ ਸੰਬੋਧਨ ਕੀਤਾ।
