ਪਾਤੜਾਂ: ਦੋ ਦਿਨਾਂ ਤੋਂ ਛੇ ਪਿੰਡਾਂ ਵਿੱਚ ਬੱਤੀ ਗੁੱਲ
ਇੱਥੇ ਛੇ ਪਿੰਡਾਂ ਵਿੱਚ ਬਿਜਲੀ ਸਪਲਾਈ ਦੋ ਦਿਨ ਤੋਂ ਬੰਦ ਹੈ। ਐਤਵਾਰ ਸਵੇਰ ਤੋਂ ਬੰਦ ਪਈ ਬਿਜਲੀ ਸਪਲਾਈ ਅੱਜ ਦੂਜੇ ਦਿਨ ਵੀ ਦੇਰ ਸ਼ਾਮ ਤੱਕ ਬਹਾਲ ਨਹੀਂ ਹੋ ਸਕੀ। ਬਿਜਲੀ ਸਪਲਾਈ ਬੰਦ ਹੋਣ ਕਾਰਨ ਛੇ ਪਿੰਡਾਂ ਵਿੱਚ ਘੁੱਪ ਹਨੇਰਾ ਹੈ। ਅੱਜ ਦੇਰ ਸ਼ਾਮ ਤੱਕ ਬਿਜਲੀ ਸਪਲਾਈ ਬਹਾਲ ਨਾ ਹੋਣ ਤੋਂ ਅੱਕੇ ਲੋਕਾਂ ਨੇ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਕ (ਸੰਗਰੂਰ ਰੋਡ) ਕੈਂਚੀਆਂ ਵਿੱਚ ਟਰੈਫਿਕ ਜਾਮ ਕਰਕੇ ਧਰਨਾ ਦਿੱਤਾ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਥਾਣਾ ਮੁਖੀ ਪਾਤੜਾਂ ਇੰਸਪੈਕਟਰ ਬਲਵਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕ ਬਿਜਲੀ ਸਪਲਾਈ ਬਹਾਲ ਨਾ ਹੋਣ ਤੱਕ ਧਰਨਾ ਜਾਰੀ ਰੱਖਣ ਦੀ ਗੱਲ ’ਤੇ ਅੜੇ ਰਹੇ। ਕਿਸਾਨ ਆਗੂ ਰਘਵੀਰ ਸਿੰਘ ਨਿਆਲ, ਅਮਰੀਕ ਸਿੰਘ, ਯਾਦਵਿੰਦਰ ਸਿੰਘ ਨੰਬੜਦਾਰ, ਠੰਡੂ ਰਾਮ ਬਣਵਾਲਾ, ਅਮਰੀਕ ਸਿੰਘ ਬਣਵਾਲਾ, ਭੁਪਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਬਣਵਾਲਾ ਨੇ ਦੱਸਿਆ ਕਿ 220 ਕੇਵੀ ਗਰਿੱਡ ਪਾਤੜਾਂ ਤੋਂ ਚੱਲਣ ਵਾਲਾ ਯੂਪੀਐੱਸ ਡਰੋਲੀ ਫੀਡਰ ਦੀ ਬਿਜਲੀ ਸਪਲਾਈ ਐਤਵਾਰ ਸਵੇਰ ਤੋਂ ਬੰਦ ਪਈ ਹੈ ਪਰ 36 ਘੰਟੇ ਬੀਤਜਾਣ ਦੇ ਬਾਵਜੂਦ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਣ ਵਾਲੇ ਪਾਣੀ ਦੀ ਕਿੱਲਤ ਆ ਗਈ ਹੈ। ਪਸ਼ੂ ਪਾਣੀ ਤੋਂ ਬਿਨਾਂ ਪਿਆਸੇ ਹਨ ਪਰ ਬਿਜਲੀ ਕਰਮਚਾਰੀਆਂ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ 24 ਘੰਟੇ ਬਿਜਲੀ ਸਪਲਾਈ ਦੇਣ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਪਿਛਲੇ 36 ਘੰਟਿਆਂ ਤੋਂ ਪਿੰਡ ਨਿਆਲ, ਬਣਵਾਲਾ, ਡਰੋਲੀ, ਲਾਲਵਾ ਅਤੇ ਤੰਬੂਵਾਲਾ ਸਮੇਤ ਡੇਰਿਆਂ ਢਾਣੀਆਂ ਦੀ ਬਿਜਲੀ ਸਪਲਾਈ ਬੰਦ ਪਈ ਹੈ। ਖ਼ਬਰ ਲਿਖੇ ਜਾਣ ਤੱਕ ਧਰਨਾ ਲਗਾਤਾਰ ਜਾਰੀ ਸੀ।
ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ: ਐਕਸੀਅਨ
Advertisementਐਕਸੀਅਨ ਪਾਵਰਕੌਮ ਪਾਤੜਾਂ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਨਿਆਲ ਦੀ ਬਾਜ਼ੀਗਰ ਬਸਤੀ ਵਿੱਚ ਬਿਜਲੀ ਟਰਾਂਸਫਾਰਮਰ ਖ਼ਰਾਬ ਹੋ ਗਿਆ ਹੈ ਪਰ ਬਸਤੀ ਦੇ ਲੋਕ ਬਿਜਲੀ ਸਪਲਾਈ ਚਾਲੂ ਕਰਨ ’ਤੇ ਵਾਰ-ਵਾਰ ਟਰਾਂਸਫਾਰਮਰ ਦਾ ਸਵਿੱਚ ਲਗਾ ਦਿੰਦੇ ਹਨ ਜਿਸ ਕਰਕੇ ਬਿਜਲੀ ਸਪਲਾਈ ਬੰਦ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਨਾਲ ਬਿਜਲੀ ਕਰਮਚਾਰੀ ਮੌਕੇ ਉੱਤੇ ਪਹੁੰਚ ਗਏ ਹਨ ਜਲਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।