ਪਟਿਆਲਾ: ਖੇੜੀ ਗੰਡਿਆਂ ਦੇ ਪਿੰਡ ਭੇਡਵਾਲ ਝੁੰਗੀਆਂ ’ਚ ਬਿਰਧ ਔਰਤ ਦੇ ਕਤਲ ਮਾਮਲੇ ’ਚ ਦੋ ਮੁਲਜ਼ਮ ਗ੍ਰਿਫ਼ਤਾਰ
ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਅਗਸਤ
ਪਟਿਆਲਾ ਜ਼ਿਲ੍ਹਾ ਪੁਲੀਸ ਨੇ ਖੇੜੀ ਗੰਡਿਆ ਦੇ ਪਿੰਡ ਭੇਡਵਾਲ ਝੁੰਗੀਆਂ ’ਚ 70 ਸਾਲਾ ਰਣਧੀਰ ਕੌਰ ਦੀ ਹੱਤਿਆ ਦੇ ਮਾਮਲੇ ’ਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ’ਚ ਇਕ ਮੁਲਜ਼ਮ ਬਿਹਾਰ ਦਾ ਵਾਸੀ ਰਾਮ ਦੁਗਾਰ ਸਾਹੂ ਹੈ, ਜਿਹੜਾ ਵਾਰਦਾਤ ਤੋਂ ਬਾਅਦ ਉਥੇ ਭੱਜ ਗਿਆ ਸੀ, ਨੂੰ ਬਿਹਾਰ ਪੁਲੀਸ ਦੀ ਮਦਦ ਨਾਲ ਕਾਬੂ ਕੀਤਾ ਗਿਆ, ਜਦ ਕਿ ਦੂਜਾ ਮੁਲਜ਼ਮ ਰਾਜਪੁਰਾ ਦਾ ਵਸਨੀਕ ਅਮਰੀਕ ਸਿੰਘ ਰਿੰਕੂ ਹੈ।
ਅੱਜ ੲਿਸ ਬਾਰੇ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ੲਿਨ੍ਹਾਂ ਨੇ ਕੁੱਝ ਮਹੀਨੇ ਪਹਿਲਾਂ ਰਣਧੀਰ ਕੌਰ ਦੇ ਘਰ ਸਫੈਦੀ ਕੀਤੀ ਸੀ ਤੇ ਇਸ ਦੌਰਾਨ ਉਨ੍ਹਾਂ ਲੁੱਟ ਦੀ ਸਾਜ਼ਿਸ ਘੜੀ। ਉਨ੍ਹਾਂ ਦੱਸਿਆ ਕਿ ਮਰਹੂਮ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਉਸ ਦੇ ਦੋ ਪੁੱਤਰ ਹਨ। ਇਕ ਵਿਦੇਸ਼ ’ਚ ਹੈ ਤੇ ਦੂਜਾ ਖਰੜ ਵਿੱਚ ਕੰਮ ਕਰਦਾ ਹੈ। ਉਹ ਆਮ ਤੌਰ ’ਤੇ ਘਰ ਵਿੱਚ ੲਿਕੱਲੀ ਰਹਿੰਦੀ ਸੀ। ਇਸ ਕਾਰਨ ਮੁਲਜ਼ਮਾਂ ਨੇ ਰਣਧੀਰ ਕੌਰ ਦੀ ਮਾਲੀ ਹਾਲਤ ਚੰਗੀ ਹੋਣ ਤੇ ਉਸ ਦੇ ਗਹਿਣੇ ਪਾਏ ਹੋਣ ਕਾਰਨ ਉਸ ਨੂੰ ਮਾਰ ਕੇ ਲੁੱਟਣ ਦੀ ਸਾਜ਼ਿਸ਼ ਘੜੀ। ਉਹ 2 ਅਗਸਤ ਨੂੰ ਰਣਧੀਰ ਕੌਰ ਦੇ ਘਰ ਗਏ ਤੇ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਤੇ ਗਹਿਣੇ ਹੋਰ ਸਾਮਾਨ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਹੱਲ ਕਰਨ ਵਿੱਚ ਐੱਸਪੀ ਹਰਬੀਰ ਸਿੰਘ ਅਟਵਾਲ, ਡੀਐੱਸਪੀ ਡੀ. ਸੁਖਅੰਮ੍ਰਿਤ ਸਿੰਘ ਰੰਧਾਵਾ, ਡੀਐੱਸਪੀ ਘਨੌਰ ਰਘਵੀਰ ਸਿੰਘ, ਸੀਆਈਏ ਪਟਿਆਲਾ ਇੰਚਾਰਜ ਸ਼ਮਿੰਦਰ ਸਿੰਘ ਤੇ ਐੱਸਐੱਚਓ ਖੇੜੀ ਗੰਡਿਆਂ ਐੱਸਆਈ ਸੁਖਵਿੰਦਰ ਸਿਘ ਦੀ ਅਹਿਮ ਭੂਮਿਕਾ ਰਹੀ।