ਪਟਿਆਲਾ: ਸਿੱਖ ਜਥੇਬੰਦੀਆਂ ਵੱਲੋਂ ਜੇਲ੍ਹ ਅੱਗੇ ਪੱਕਾ ਮੋਰਚਾ
ਪਟਿਆਲਾ ਜੇਲ੍ਹ ਵਿੱਚ ਬੰਦ ਸੰਦੀਪ ਸਿੰਘ ਸੋਨੀ ਨਾਲ ਮੁਲਾਕਾਤ ਅਤੇ ਉਸ ਨੂੰ ਇਨਸਾਫ਼ ਦਿਵਾਉਣ ਦੇ ਮਾਮਲੇ ਵਿੱਚ ਅੱਜ ਸਿੱਖ ਜਥੇਬੰਦੀਆਂ ਵੱਲੋਂ ਗੁਰਦੁਆਰਾ ਦੂਖਨਿਵਾਰਨ ਸਾਹਿਬ ਤੋਂ ਲੈ ਕੇ ਪਟਿਆਲਾ ਜੇਲ੍ਹ ਤੱਕ ਰੋਸ ਮਾਰਚ ਕੀਤਾ ਗਿਆ ਤੇ ਉਸ ਤੋਂ ਬਾਅਦ ਜੇਲ੍ਹ ਦੇ ਬਾਹਰ ਪੱਕਾ ਮੋਰਚਾ ਲਾ ਦਿੱਤਾ। ਜਾਣਕਾਰੀ ਅਨੁਸਾਰ ਅੱਜ ਸੰਗਰੂਰ ਜੇਲ੍ਹ ਵਿੱਚ ਤਬਦੀਲ ਕੀਤੇ ਸੰਦੀਪ ਸਿੰਘ ਸੋਨੀ ਨਾਲ ਵਕੀਲ ਜੀ ਪੀ ਐੱਸ ਘੁੰਮਣ ਦੀ ਮੁਲਾਕਾਤ ਕਰਵਾਈ ਗਈ ਜਿਸ ਨੇ ਮੋਰਚੇ ਵਿਚ ਆਕੇ ਸੰਦੀਪ ਸਿੰਘ ਦੀ ਹਾਲਤ ਬਿਆਨ ਕੀਤੀ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਆਗੂ ਸੰਜੀਵ ਸੂਰੀ ਦੇ ਕਥਿਤ ਕਤਲ ਦੇ ਦੋਸ਼ ਵਿਚ ਪਟਿਆਲਾ ਜੇਲ੍ਹ ਵਿਚ ਬੰਦ ਸੰਦੀਪ ਸਿੰਘ ਸੋਨੀ ’ਤੇ ਇਲਜ਼ਾਮ ਹੈ ਕਿ ਉਸ ਨੇ ਜੇਲ੍ਹ ਵਿਚ ਬੰਦ ਸਾਬਕਾ ਪੁਲੀਸ ਅਧਿਕਾਰੀਆਂ ਸੇਵਾਮੁਕਤ ਡੀ ਐੱਸ ਪੀ ਗੁਰਬਚਨ ਸਿੰਘ, ਇੰਸਪੈਕਟਰ ਸੂਬਾ ਸਿੰਘ ਅਤੇ ਇੰਸਪੈਕਟਰ ਇੰਦਰਜੀਤ ਸਿੰਘ ’ਤੇ ਹਮਲਾ ਕੀਤਾ ਸੀ ਜਿਨ੍ਹਾਂ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਸਜ਼ਾ ਸੁਣਾਈ ਗਈ ਹੈ। ਅੱਜ ਪੱਕੇ ਮੋਰਚਾ ਵਿਚ ਉੱਘੇ ਵਕੀਲ ਜੀਪੀਐੱਸ ਘੁੰਮਣ, ਹਵਾਰਾ ਕਮੇਟੀ ਦੇ ਆਗੂ ਬਾਪੂ ਗੁਰਚਰਨ ਸਿੰਘ ਬੈਨੀਵਾਲ , ਸ਼੍ਰੋਮਣੀ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ, ਕਰਨੈਲ ਸਿੰਘ ਪੰਜੌਲੀ, ਬਰਖ਼ਾਸਤ ਕੀਤੇ ਪੰਜ ਪਿਆਰੇ ਸਤਨਾਮ ਸਿੰਘ ਖੰਡਾ, ਸਤਨਾਮ ਸਿੰਘ ਝੱਜੀਆਂ, ਭਾਈ ਤਰਲੋਕ ਸਿੰਘ, ਭਾਈ ਗੁਰਮੀਤ ਸਿੰਘ, ਸੁਖਜੀਤ ਸਿੰਘ ਖੋਸਾ ਸਤਿਕਾਰ ਕਮੇਟੀ, ਭਾਈ ਅਮਰਜੀਤ ਸਿੰਘ ਮਰਿਆਦਾ, ਡਾ. ਦਰਸ਼ਨਪਾਲ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਜੰਗ ਸਿੰਘ ਭਟੇੜੀ, ਸਤਨਾਮ ਸਿੰਘ ਬਹਿਰੂ, ਅਮਿਤੋਜ ਮਾਨ ਮਾਨ ਮਰਾੜਾਂ ਵਾਲੇ ਦਾ ਬੇਟਾ, ਕੌਮੀ ਇਨਸਾਫ਼ ਮੋਰਚੇ ਤੋਂ ਸੰਗਤ, ਮਾਨ ਦਲ ਦੇ ਪ੍ਰੋ. ਮਹਿੰਦਰਪਾਲ ਸਿੰਘ ਤੇ ਹਰਭਜਨ ਸਿੰਘ ਕਸ਼ਮੀਰੀ, ਗੁਰਦੀਪ ਸਿੰਘ ਬਠਿੰਡਾ, ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਵੱਲੋਂ ਜਸਵਿੰਦਰ ਸਿੰਘ ਡਰੋਲੀ, ਬੀਬੀ ਸਤਨਾਮ ਕੌਰ ਬੁਲਾਰਾ, ਸ਼ਰਨਜੀਤ ਜੋਗੀਪੁਰ, ਸੁਖਜੀਤ ਸਿੰਘ ਸਰਪੰਚ ਰਾਠੀਆ ਅਤੇ ਭਾਈ ਸੁਖਬੀਰ ਸਿੰਘ ਬਲਬੇੜਾ ਤੇ ਗੁਰਦੀਪ ਸਿੰਘ ਮਰਦਾਂਪੁਰ ਆਦਿ ਮੌਜੂਦ ਸਨ। ਸੰਗਰੂਰ ਜੇਲ੍ਹ ਵਿਚ ਸੰਦੀਪ ਸਿੰਘ ਸੋਨੀ ਨੂੰ ਮਿਲ ਕੇ ਆਏ ਵਕੀਲ ਘੁੰਮਣ ਨੇ ਇੱਥੇ ਮੋਰਚੇ ਵਿਚ ਬੋਲਦਿਆਂ ਕਿਹਾ ਕਿ ਸੰਦੀਪ ਸਿੰਘ ਦੀ ਹਾਲਤ ਬਹੁਤ ਤਰਸਯੋਗ ਹੈ, ਉਸ ਦੇ ਕੱਪੜੇ ਵੀ ਖ਼ੂਨ ਨਾਲ ਲੱਥਪੱਥ ਹਨ, ਉਸ ਨਾਲ ਅੰਨ੍ਹਾ ਤਸ਼ੱਦਦ ਜੇਲ੍ਹ ਵਿਚ ਕੀਤਾ ਗਿਆ ਹੈ। ਜਦ ਕਿ ਪਟਿਆਲਾ ਅਦਾਲਤ ਨੇ ਜਾਂਚ ਕਰਨ ਵਾਲਾ ਮੈਡੀਕਲ ਬੋਰਡ ਬਣਾਉਣ ਬਾਰੇ ਕਿਹਾ ਸੀ ਜਿਸ ਨੂੰ ਜਾਂਚ ਨਹੀਂ ਕਰਨ ਦਿੱਤੀ ਗਈ, ਜਿਸ ਕਰਕੇ ਜੇਲ੍ਹ ਪ੍ਰਸ਼ਾਸਨ ਅਦਾਲਤ ਦੇ ਹੁਕਮਾਂ ਦੀਆਂ ਵੀ ਧੱਜੀਆਂ ਉਡਾ ਰਿਹਾ ਹੈ। ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਇਸ ਮਾਮਲੇ ਦੀ ਮਾਨਯੋਗ ਹਾਈਕੋਰਟ ਦੇ ਜੱਜ ਵੱਲੋਂ ਜਾਂਚ ਹੋਣੀ ਚਾਹੀਦੀ ਹੈ। ਜੇਲ ਪ੍ਰਸ਼ਾਸਨ ਨੇ ਇਸ ਮਾਮਲੇ ਵਿਚ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਦੂਜੇ ਪਾਸੇ ਖਬਰ ਲਿਖੇ ਜਾਣ ਤੱਕ ਪੱਕਾ ਮੋਰਚਾ ਜਾਰੀ ਸੀ।