ਪਟਿਆਲਾ: ਸਿੱਖ ਜਥੇਬੰਦੀਆਂ ਵੱਲੋਂ ਜੇਲ੍ਹ ਅੱਗੇ ਮੋਰਚਾ ਮੁਲਤਵੀ
ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਸੰਦੀਪ ਸਿੰਘ ਸੋਨੀ ਨਾਲ ਮੁਲਾਕਾਤ ਤੇ ਡਾਕਟਰੀ ਮੁਆਇਨਾ ਕਰਵਾਉਣ ਦੀ ਮੰਗ ਲਈ ਜੇਲ੍ਹ ਅੱਗੇ ਪੱਕਾ ਮੋਰਚਾ ਲਗਾ ਕੇ ਬੈਠੀਆਂ ਸਿੱਖ ਜਥੇਬੰਦੀਆਂ ਨੇ ਫ਼ਿਲਹਾਲ ਮੋਰਚਾ ਮੁਲਤਵੀ ਕਰ ਦਿੱਤਾ ਹੈ। ਇਹ ਮੋਰਚਾ ਇਸ ਕਰਕੇ ਮੁਲਤਵੀ ਕੀਤਾ ਗਿਆ ਕਿਉਂਕਿ ਪਰਿਵਾਰ ਦੀ ਸੰਗਰੂਰ ਜੇਲ੍ਹ ਵਿੱਚ ਸੰਦੀਪ ਸਿੰਘ ਸੋਨੀ ਨਾਲ ਮੁਲਾਕਾਤ ਹੋ ਗਈ ਹੈ। ਇਸ ਮਗਰੋਂ ਪਰਿਵਾਰ ਵੱਲੋਂ ਮੋਰਚੇ ’ਤੇ ਬੈਠੀਆਂ ਜਥੇਬੰਦੀਆਂ ਨੂੰ ਮੋਰਚਾ ਮੁਲਤਵੀ ਕਰਨ ਕਿਹਾ ਗਿਆ ਜਿਸ ਉਪਰੰਤ ਮੋਰਚਾ ਮੁਲਤਵੀ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ ਦੋਸ਼ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਸੰਦੀਪ ਸਿੰਘ ਸੋਨੀ ’ਤੇ ਇਲਜ਼ਾਮ ਹੈ ਕਿ ਉਸ ਨੇ ਜੇਲ੍ਹ ਵਿੱਚ ਬੰਦ ਸਾਬਕਾ ਪੁਲੀਸ ਅਧਿਕਾਰੀਆਂ ਸੇਵਾਮੁਕਤ ਡੀਐੱਸਪੀ ਗੁਰਬਚਨ ਸਿੰਘ, ਇੰਸਪੈਕਟਰ ਸੂਬਾ ਸਿੰਘ ਅਤੇ ਇੰਸਪੈਕਟਰ ਇੰਦਰਜੀਤ ਸਿੰਘ ’ਤੇ ਹਮਲਾ ਕੀਤਾ ਸੀ ਜਿਨ੍ਹਾਂ ਨੂੰ ਝੂਠੇ ਪੁਲੀਸ ਮੁਕਾਬਲੇ ਦੇ ਕੇਸ ਵਿੱਚ ਸਜ਼ਾ ਸੁਣਾਈ ਗਈ ਹੈ। ਪੱਕੇ ਮੋਰਚੇ ਵਿੱਚ ਹਵਾਰਾ ਕਮੇਟੀ ਦੇ ਆਗੂ ਬਾਪੂ ਗੁਰਚਰਨ ਸਿੰਘ ਬੈਨੀਵਾਲ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ, ਕਰਨੈਲ ਸਿੰਘ ਪੰਜੌਲੀ, ਜਰਨੈਲ ਸਿੰਘ ਕਰਤਾਰਪੁਰ, ਰਾਵਿੰਦਰ ਸਿੰਘ ਸ਼ਾਹਪੁਰ, ਮਾਨ ਦਲ ਦੇ ਈਮਾਨ ਸਿੰਘ ਮਾਨ, ਪ੍ਰੋ. ਮਹਿੰਦਰਪਾਲ ਸਿੰਘ ਤੇ ਹਰਭਜਨ ਸਿੰਘ ਕਸ਼ਮੀਰੀ, ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਵੱਲੋਂ ਜਸਵਿੰਦਰ ਸਿੰਘ ਡਰੋਲੀ , ਬੀਬੀ ਸਤਨਾਮ ਕੌਰ ਬੁਲਾਰਾ, ਸ਼ਰਨਜੀਤ ਜੋਗੀਪੁਰ, ਸੁਖਜੀਤ ਸਿੰਘ ਸਰਪੰਚ ਰਾਠੀਆ ਅਤੇ ਭਾਈ ਸੁਖਬੀਰ ਸਿੰਘ ਬਲਬੇੜਾ, ਐਸ ਪੀ ਸਿੰਘ ਸੈਫਦੀਪੁਰ ਗੁਰਜੰਟ ਸਿੰਘ ਸੀਲ, ਗੁਰਦੀਪ ਸਿੰਘ ਮਰਦਾਂਪੁਰ ਆਦਿ ਮੌਜੂਦ ਸਨ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਧਾਰਮਿਕ ਮੁੱਖ ਬੁਲਾਰੇ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਇਸ ਵੇਲੇ ਇਹ ਮੋਰਚਾ ਮੁਲਤਵੀ ਕੀਤਾ ਜਾਂਦਾ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਵਾਅਦਾ ਕੀਤਾ ਹੈ ਜੇਕਰ ਮੰਗਾਂ ਨਾ ਮੰਨੀਆਂ ਤਾਂ ਅਗਲਾ ਐਕਸ਼ਨ ਉਲੀਕਿਆ ਜਾਵੇਗਾ।