ਬੇਗ਼ਮ ਸੁਲਤਾਨਾ ਦੇ ਸੁਰਾਂ ’ਚ ਡੁੱਬਿਆ ਪਟਿਆਲਾ
ਮਸ਼ਹੂਰ ਸ਼ਾਸਤਰੀ ਗਾਇਕਾ ਬੇਗ਼ਮ ਪਰਵੀਨ ਸੁਲਤਾਨਾ ਜਦੋਂ ਮੰਚ ’ਤੇ ਆਏ ਤਾਂ ਖਚਾਖਚ ਭਰੇ ਕਾਲੀਦਾਸ ਆਡੀਟੋਰੀਅਮ ਵਿੱਚ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਆਉਂਦਿਆਂ ਹੀ ਫਿਜ਼ਾਵਾਂ ਦਾ ਰੰਗ ਬਦਲ ਗਿਆ ਅਤੇ ਖ਼ਿਆਲ ਤੋਂ ਲੈ ਕੇ ਤਰਾਨਾ, ਭਜਨ, ਠੁਮਰੀ ਤੇ ਫ਼ਿਲਮੀ ਗੀਤ ‘ਸਾਨੂੰ ਤੁਹਾਡੇ ਨਾਲ ਪਿਆਰ ਕਿੰਨਾ’ ਤੱਕ ਹਰ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਸੁਰਾਂ ਦੇ ਸਮੁੰਦਰ ਵਿੱਚ ਡੁੱਬੋ ਦਿੱਤਾ। ਉਹ ਉਨ੍ਹਾਂ ਦੀ ਆਵਾਜ਼ ਵਿੱਚ ਇੰਝ ਖੋ ਗਏ ਜਿਵੇਂ ਸ਼ਹਿਦ ਹਵਾਵਾਂ ਵਿੱਚ ਘੁਲ ਗਿਆ ਹੋਵੇ। ਪਹਿਲੇ ਸੰਗੀਤ ਸਮਾਗਮ ਦੇ ਪਹਿਲੇ ਦਿਨ ਕਾਲੀਦਾਸ ਆਡੀਟੋਰੀਅਮ ਵਿੱਚ ਸੰਗੀਤ ਪ੍ਰੇਮੀਆਂ ਨੂੰ ਅਜਿਹਾ ਸੁਰਮਈ ਅਨੁਭਵ ਮਿਲਿਆ ਜਿਸ ਨੇ ਪੂਰੇ ਸਭਾ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਤੋਂ ਪਹਿਲਾਂ ਪਟਿਆਲਾ ਦੇ ਡਿਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਤੇ ਵਿਸ਼ੇਸ਼ ਮਹਿਮਾਨ ਮਨਜੀਤ ਸਿੰਘ ਚੀਮਾ ਨੇ ਸ਼ਹਿਰ ਦੇ ਸੰਗੀਤ ਪ੍ਰੇਮੀਆਂ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਸਮਾਗਮ ਦੀ ਵਿਧੀਵਤ ਸ਼ੁਰੂਆਤ ਕੀਤੀ। ਪਟਿਆਲਾ ਸੰਗੀਤ ਸਮਾਗਮ ਦੇ ਤੀਜੇ ਸਾਲ ਲਗਾਤਾਰ ਸੰਗੀਤ ਦੀ ਮਹਿਫ਼ਲ ਦਾ ਆਗਾਜ਼ ਕਰਦਿਆਂ ਪਦਮਸ੍ਰੀ ਗਾਇਕਾ ਬੇਗ਼ਮ ਪਰਵੀਨ ਸੁਲਤਾਨਾ ਦੀ ਜੁਗਲਬੰਦੀ ਨੇ ਪ੍ਰੋਗਰਾਮ ਨੂੰ ਯਾਦਗਾਰ ਬਣਾ ਦਿੱਤਾ। ਪ੍ਰੋਗਰਾਮ ਦੌਰਾਨ ਤਬਲੇ ’ਤੇ ਮੁਜ਼ੱਫਰ ਰਹਿਮਾਨ ਦੀ ਸ਼ਾਨਦਾਰ ਸੰਗਤ ਨੇ ਸੁਰਾਂ ਨੂੰ ਨਵੀਂਆਂ ਬੁਲੰਦੀਆਂ ਤੱਕ ਪਹੁੰਚਾਇਆ। ਸੰਗੀਤ ਦੀ ਇਸ ਮਹਿਫ਼ਲ ਵਿੱਚ ਹਰ ਤਾਲ, ਹਰ ਬੰਦਿਸ਼ ਤੇ ਹਰ ਸੁਰ ਨੇ ਸਰੋਤਿਆਂ ਨੂੰ ਕੀਲਿਆ।
