ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੱਲੇਵਾਲ-ਪਟਿਆਲਾ ਰੂਟ ’ਤੇ ਸਿਰਫ਼ ਇਕ ਬੱਸ ਚੱਲਣ ਕਾਰਨ ਸਵਾਰੀਆਂ ਪ੍ਰੇਸ਼ਾਨ

ਬੱਸ ਓਵਰਲੋਡ ਹੋਣ ਕਾਰਨ ਹਾਦਸੇ ਦਾ ਖ਼ਦਸ਼ਾ; ਮਾਮਲੇ ਬਾਰੇ ਪਤਾ ਕਰਾਂਗਾ: ਰਣਜੋਧ ਹਡਾਣਾ
ਮੱਲੇਵਾਲ ਤੋਂ ਪਟਿਆਲਾ ਜਾਂਦੀ ਓਵਰਲੋਡ ਬੱਸ।
Advertisement

ਇੱਥੇ 11 ਸਤੰਬਰ ਨੂੰ ਓਵਰਲੋਡ ਬੱਸ ਹਾਦਸੇ ਤੋਂ ਪੀ.ਆਰ.ਟੀ.ਸੀ ਨੇ ਕੋਈ ਸਬਕ ਨਹੀਂ ਲਿਆ। ਮੱਲੇਵਾਲ-ਪਟਿਆਲਾ ਰੂਟ ’ਤੇ ਪਹਿਲਾਂ ਸਵੇਰੇ ਦੋ ਬੱਸਾਂ ਚੱਲਦੀਆਂ ਸਨ, ਹੁਣ ਹਾਦਸੇ ਮਗਰੋਂ ਇੱਕੋ ਬੱਸ ਚੱਲ ਰਹੀ ਹੈ ਜਿਸ ਕਾਰਨ ਇਸ ਬੱਸ ’ਚ ਪਹਿਲਾਂ ਨਾਲੋਂ ਸਵਾਰੀਆਂ ਦੀ ਗਿਣਤੀ ਹੋਰ ਵਧ ਗਈ ਹੈ। ਜਦਕਿ ਇਲਾਕੇ ਦੇ ਲੋਕਾਂ ਵੱਲੋਂ ਘੱਟੋ-ਘੱਟ ਦੋ ਹੋਰ ਬੱਸਾਂ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮੱਲੇਵਾਲ-ਪਟਿਆਲਾ ਰੂਟ ’ਤੇ ਸਵੇਰੇ ਚੱਲਦੀ ਇੱਕ ਬੱਸ 11 ਸਤੰਬਰ ਨੂੰ ਫਰੀਦਪੁਰ ਪਿੰਡ ਵਿੱਚ ਬੇਕਾਬੂ ਹੋਕੇ ਦਰੱਖ਼ਤ ਨਾਲ ਜਾ ਟਕਰਾਈ ਜਿਸ ਵਿੱਚ ਬੱਸ ਚਾਲਕ ਸਮੇਤ ਕਈ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ ਸਨ। ਬੱਸ ਚਾਲਕ ਅਜੇ ਤੱਕ ਇਲਾਜ ਅਧੀਨ ਹੈ। ਉਸ ਦਿਨ 48 ਸੀਟਾਂ ਵਾਲੀ ਬੱਸ ਵਿੱਚ ਕਥਿਤ 120 ਦੇ ਕਰੀਬ ਸਵਾਰੀਆਂ ਸਨ ਤੇ ਕੰਡਕਟਰ ਮੁਤਾਬਕ ਓਵਰਲੋਡ ਹੋਣ ਕਾਰਨ ਉਸ ਦੀ ਕਮਾਣੀਆਂ ਟੁੱਟ ਗਈਆਂ ਤੇ ਬੱਸ ਬੇਕਾਬੂ ਹੋ ਗਈ ਸੀ।

ਜਾਣਕਾਰੀ ਅਨੁਸਾਰ ਮੱਲੇਵਾਲ ਤੋਂ ਪਟਿਆਲਾ ਲਈ ਸਵੇਰੇ ਦੋ ਬੱਸਾਂ ਚਲਦੀਆਂ ਸਨ। ਇੱਕ ਬੱਸ ਮੱਲੇਵਾਲ ਤੋਂ ਜੱਸੋਮਾਜਰਾ, ਖਨੌੜਾ ਹੁੰਦੇ ਹੋਏ ਤੇ ਦੂਜੀ ਬੱਸ ਮੱਲੇਵਾਲ ਤੋਂ ਕਾਲਸਨਾ, ਗੋਬਿੰਦਪੁਰਾ, ਫਰੀਦਪੁਰ ਆਦਿ ਪਿੰਡਾਂ ਰਾਹੀਂ ਹੁੰਦੇ ਹੋਏ ਪਟਿਆਲਾ ਪਹੁੰਚਦੀ ਹੈ। ਮੱਲੇਵਾਲ-ਫਰੀਦਪੁਰ-ਪਟਿਆਲਾ ਬੱਸ ਚਾਲਕ ਨੇ ਦੱਸਿਆ ਕਿ 57 ਕਿਲੋਮੀਟਰ ਦੇ ਇਸ ਰੂਟ ’ਤੇ 10 ਕਿਲੋਮੀਟਰ ਦੇ ਅੰਦਰ ਹੀ ਸਵਾਰੀ 100 ਤੋਂ ਵੱਧ ਜਾਂਦੀ ਹੈ। ਹਾਦਸੇ ਮਗਰੋਂ ਹੁਣ ਦੂਜੇ ਰੂਟ ਦੀ ਬੱਸ ਬੰਦ ਹੈ ਤੇ ਮੱਲੇਵਾਲ ਤੋਂ ਚਾਰ ਕਿਲੋਮੀਟਰ ਤੱਕ ਹੀ ਬੱਸ ਵਿੱਚ ਪੈਰ ਰੱਖਣ ਨੂੰ ਥਾਂ ਨਹੀਂ ਹੁੰਦੀ।

Advertisement

ਕਾਲਸਨਾ ਪਿੰਡ ਦੇ ਸਰਪੰਚ ਗੁਰਧਿਆਨ ਸਿੰਘ ਨੇ ਦੱਸਿਆ ਕਿ ਸਵੇਰੇ ਕਾਲਜ, ਯੂਨੀਵਰਸਟੀ ਦੇ ਵਿਦਿਆਰਥੀ ਜਾਂ ਨਿੱਜੀ ਫੈਕਟਰੀਆਂ ’ਚ ਕੰਮ ਕਰਦੇ ਮੁਲਾਜ਼ਮ ਇਨ੍ਹਾਂ ਬੱਸਾਂ ਰਾਹੀਂ ਸਫ਼ਰ ਕਰਦੇ ਹਨ ਜਿਸ ਕਾਰਨ ਸਵੇਰ ਦੇ ਸਮੇਂ ਹੋਰ ਬੱਸਾਂ ਦੀ ਲੋੜ ਹੈ, ਪਰ ਇੱਥੇ ਤਾਂ ਪਹਿਲਾਂ ਨਾਲੋਂ ਵੀ ਇੱਕ ਬੱਸ ਘਟਾ ਦਿੱਤੀ। ਉਨ੍ਹਾਂ ਕਿਹਾ ਕਿ ਲਗਭਗ 10 ਪਿੰਡਾਂ ਦੀਆਂ ਪੰਚਾਇਤਾਂ ਇਸ ਹਫਤੇ ਪੀ.ਆਰ.ਟੀ.ਸੀ ਦਫਤਰ ਜਾ ਕੇ ਉੱਚ ਅਧਿਕਾਰੀਆਂ ਨੂੰ ਮਿਲਣਗੀਆਂ । ਉਨ੍ਹਾਂ ਕਿਹਾ ਕਿ ਬਹੁਤੇ ਪਿੰਡਾਂ ਵਿੱਚੋਂ ਤਾਂ ਬੱਸਾਂ ਸਵਾਰੀਆਂ ਛੱਡ ਜਾਂਦੀਆਂ ਹਨ। ਪੀ.ਆਰ.ਟੀ.ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਨਾ ਨੇ ਕਿਹਾ ਕਿ ਉਹ ਆਪ ਇਸ ਬਾਰੇ ਪਤਾ ਕਰਨਗੇ ਤੇ ਜੇਕਰ ਲੋੜ ਹੋਈ ਤਾਂ ਸਵੇਰ ਤੋਂ ਇਸ ਰੂਟ ’ਤੇ ਇੱਕ ਹੋਰ ਬੱਸ ਪਹੁੰਚ ਜਾਵੇਗੀ।

ਓਵਰਲੋਡ ਬੱਸ ਤੇ ਟੈਂਪੂ ਵਿਚਾਲੇ ਟੱਕਰ, ਇੱਕ ਜ਼ਖ਼ਮੀ

ਨਾਭਾ: ਨਾਭਾ-ਭਵਾਨੀਗੜ੍ਹ ਰੋਡ ’ਤੇ ਅੱਜ ਦੁਪਹਿਰ ਬਾਅਦ ਇੱਕ ਪੀ.ਆਰ.ਟੀ.ਸੀ ਬੱਸ ਅਤੇ ਟੈਂਪੂ ਦੀ ਟੱਕਰ ਹੋ ਗਈ ਤੇ ਟੈਂਪੂ ਪਲਟ ਗਿਆ। ਇਸ ਟੱਕਰ ਦੌਰਾਨ ਇੱਕ ਕਾਰ ਵੀ ਲਪੇਟ ’ਚ ਆ ਗਈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਟੈਂਪੂ ਚਾਲਕ ਜ਼ਖ਼ਮੀ ਹੋ ਗਿਆ। ਬੱਸ ਚਾਲਕ ਦਾ ਕਹਿਣਾ ਹੈ ਕਿ ਟੈਂਪੂ ਚਾਲਕ ਅਚਾਨਕ ਅੱਗੇ ਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭਾਵੇਂ ਬੱਸ ਦੀ ਰਫਤਾਰ ਜ਼ਿਆਦਾ ਨਹੀਂ ਸੀ ਪਰ ਕਿਉਂਕਿ ਬੱਸ ਵਿੱਚ ਸਵਾਰੀ ਬਹੁਤ ਜ਼ਿਆਦਾ ਸੀ ਇਸ ਕਾਰਨ ਬ੍ਰੇਕ ਲਗਾਉਣ ਦੇ ਬਾਵਜੂਦ ਟੱਕਰ ਹੋ ਗਈ। ਕੰਡਕਟਰ ਨੇ ਦੱਸਿਆ ਕਿ 52 ਸੀਟਾਂ ਵਾਲੀ ਬੱਸ ਵਿੱਚ 100 ਤੋਂ ਵੱਧ ਸਵਾਰੀ ਸੀ। ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ ਨੂੰ ਕਈ ਵਾਰੀ ਬੱਸਾਂ ਵਧਾਉਣ ਲਈ ਕਿਹਾ ਹੈ ਪਰ ਕੋਈ ਸੁਣਵਾਈ ਨਹੀਂ। ਲੁਧਿਆਣਾ ਵਾਸੀ ਟੈਂਪੂ ਚਾਲਕ ਸੰਜੈ ਕੁਮਾਰ ਨਾਭਾ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮਾਮਲਾ ਪੜਤਾਲ ਅਧੀਨ ਹੈ।

Advertisement
Show comments