ਗੁਰਦੁਆਰਾ ਦੂਖਨਿਵਾਰਨ ਵਿੱਚ ਪੰਚਮੀ ਮਨਾਈ
ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ ਵਿੱਚ ਅੱਜ ਪੰਚਮੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਈ। ਇਸ ਦੌਰਾਨ ਦੀਵਾਨ ਹਾਲ ਵਿੱਚ ਵਿਸ਼ੇਸ਼ ਦੀਵਾਨ ਸਜਾਏ ਗਏ। ਦੀਵਾਨਾ ਅੰਦਰ ਪੰਥ ਪ੍ਰਸਿੱਧ ਪ੍ਰਚਾਰਕ ਅਤੇ ਢਾਡੀ ਸਾਹਿਬਾਨ ਵੱਲੋਂ ਗੁਰ ਇਤਿਹਾਸ ਨਾਲ ਜੋੜਿਆ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਅੱਜ ਹਰ ਪਾਸਿਆਂ ਤੋਂ ਸਿੱਖੀ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਗੁਰੂ ਪਾਤਸ਼ਾਹ ਦੇ ਆਸ਼ੀਰਵਾਦ ਸਦਕਾ ਸਿੱਖੀ ਦਾ ਇਹ ਬੂਟਾ ਲਗਾਤਾਰ ਵਧ ਫੁੱਲ ਰਿਹਾ ਹੈ। ਇਸ ਮੌਕੇ ਤਾਜ਼ਾ ਘਟਨਾਕ੍ਰਮ ਤਰਨ ਤਾਰਨ ਦੀ ਰਹਿਣ ਵਾਲੀ ਬੱਚੀ ਗੁਰਪ੍ਰੀਤ ਕੌਰ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉਸ ਬੱਚੀ ਨੇ ਦਰਸਾ ਦਿੱਤਾ ਹੈ ਕਿ ਸਿੱਖ ਆਪਣੀ ਜ਼ਿੰਦਗੀ ਦੀਆਂ ਸੁੱਖ ਸੁਵਿਧਾਵਾਂ ਉਸ ਦੇ ਸੁਫ਼ਨੇ ਤਾਂ ਦਾਅ ’ਤੇ ਲਗਾ ਸਕਦਾ ਹੈ ਪਰ ਸਿੱਖੀ ਤੋਂ ਮੁਨਕਰ ਹੋਣਾ ਕਦੀ ਬਰਦਾਸ਼ਤ ਨਹੀਂ ਕਰ ਸਕਦਾ। ਇਸ ਮੌਕੇ ਮੈਨੇਜਰ ਭਾਗ ਸਿੰਘ ਵੱਲੋਂ ਸੰਗਤ ਨੂੰ ਜੀ ਆਇਆਂ ਨੂੰ ਕਿਹਾ ਗਿਆ।