ਹਾਂਸੀ-ਬੁਟਾਣਾ ਨਹਿਰ ਕਾਰਨ ਫ਼ਸਲੀ ਨੁਕਸਾਨ ਦੇ ਰੋਸ ਵਜੋਂ ਪੱਕਾ ਮੋਰਚਾ
ਪੰਜਾਬ-ਹਰਿਆਣਾ ਦੀ ਹੱਦ ’ਤੇ ਪੈਂਦੇ ਪਿੰਡ ਧਰਮਹੇੜੀ ਵਿੱਚ ਕਿਸਾਨਾਂ ਵੱਲੋਂ ਬਣਾਈ ਗਈ ਹੜ੍ਹ ਪੀੜਤ ਸੰਘਰਸ਼ ਕਮੇਟੀ ਨੇ ਹਾਂਸੀ-ਬੁਟਾਣਾ ਨਹਿਰ ਦੀ ਡਾਫ਼ ਕਾਰਨ ਫ਼ਸਲਾਂ ਦੇ ਹੋ ਰਹੇ ਭਾਰੀ ਨੁਕਸਾਨ ਖ਼ਿਲਾਫ਼ ਆਰੰਭਿਆ ਪੱਕਾ ਮੋਰਚਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਅੱਜ ਦੇ ਪ੍ਰਦਰਸ਼ਨ ਵਿੱਚ ਵੱਖ-ਵੱਖ ਪਾਰਟੀਆਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਧਰਨੇ ਵਾਲੀ ਥਾਂ ਪਹੁੰਚ ਕੇ ਸਮਰਥਨ ਦਿੱਤਾ। ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂ ਤੇ ਹਲਕਾ ਸਮਾਣਾ ਤੋਂ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਇਹ ਲੜਾਈ ਜਾਇਜ਼ ਹੈ, ਉਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਖੜ੍ਹੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਨਹਿਰ ਹਰਿਆਣਾ ਸਰਕਾਰ ਵਲੋਂ ਬਣਾਈ ਗਈ ਸੀ ਪਰ ਇਸ ਦੇ ਕਾਰਨ ਪੰਜਾਬ ਦੇ ਸੈਂਕੜੇ ਪਿੰਡ ਹਰ ਸਾਲ ਹੜ੍ਹ ਤੇ ਡਾਫ਼ ਦੀ ਮਾਰ ਸਹਿੰਦੇ ਹਨ। ਖੇਤਾਂ ਵਿਚ ਖੜ੍ਹੀਆਂ ਫਸਲਾਂ ਤਬਾਹ ਹੋ ਜਾਂਦੀਆਂ ਹਨ, ਪਸ਼ੂ-ਚਾਰੇ ਦੀ ਕਮੀ ਪੈ ਜਾਂਦੀ ਹੈ ਅਤੇ ਲੋਕ ਕਰਜ਼ਿਆਂ ਦੇ ਬੋਝ ਹੇਠ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਕਿਸਾਨਾਂ ਦੇ ਸਾਂਝੇ ਮੋਰਚੇ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਵੇਗੀ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜਾਂ ਤਾਂ ਇਸ ਨਹਿਰ ਦੇ ਸਾਈਫਨ ਦੋ ਕਿਲੋਮੀਟਰ ਦੇ ਘੇਰੇ ’ਚੋਂ ਕੱਢੇ ਜਾਣ ਜਾਂ ਫਿਰ ਇਸ ਨੂੰ ਘੱਗਰ ਦਰਿਆ ਦੇ ਥੱਲਿਓਂ ਲੰਘਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਲੋਕਾਂ ਨੂੰ ਵੱਡੇ ਪੱਧਰ ’ਤੇ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ। ਧਰਨੇ ਦੌਰਾਨ ਕਿਸਾਨਾਂ ਨੇ ‘ਹਾਂਸੀ-ਬੁਟਾਣਾ ਦਾ ਪੁਲ ਹਟਾਓ, ਪੰਜਾਬ ਹਰਿਆਣਾ ਬਚਾਓ’, ‘ਸਾਡਾ ਹੱਕ ਸਾਨੂੰ ਦਿਓ’, ‘ਕਿਸਾਨ ਵਿਰੋਧੀ ਨਹਿਰ ਖ਼ਤਮ ਕਰੋ’, ‘ਪੰਜਾਬ ਦੇ ਪਿੰਡਾਂ ਨਾਲ ਇਨਸਾਫ਼ ਕਰੋ’ ਵਰਗੇ ਨਾਅਰੇ ਲਗਾ ਕੇ ਹੜ੍ਹ-ਪੀੜਤ ਲੋਕਾਂ ਦੇ ਦੁੱਖ-ਦਰਦ ਨੂੰ ਉਜਾਗਰ ਕੀਤਾ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿਚ ਇਹ ਸੰਘਰਸ਼ ਪਿੰਡ ਤੋਂ ਸ਼ਹਿਰਾਂ ਤੱਕ ਵਧਾਇਆ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ ਬੱਲ, ਜੋਗਾ ਸਿੰਘ ਚੱਠਾ, ਹਰਪਾਲ ਸਿੰਘ ਨੰਬਰਦਾਰ, ਹਰਚਰਨ ਸਿੰਘ ਢੀਂਡਸਾ, ਕਸ਼ਮੀਰ ਸਿੰਘ ਵਿਰਕ, ਹਰਭਜਨ ਸਿੰਘ, ਲਖਵਿੰਦਰ ਸਿੰਘ ਲੱਖਾ, ਸੁਖਦੇਵ ਸਿੰਘ, ਸੇਵਕ ਸਿੰਘ, ਸੋਨੀ ਤਤਲਾ, ਨਿਸ਼ਾਨ ਸਿੰਘ ਚੀਮਾ, ਅਮਨ ਗਿੱਲ ਅਤੇ ਹੋਰ ਕਈ ਪਿੰਡਾਂ ਦੇ ਕਿਸਾਨਾਂ ਨੇ ਸ਼ਿਰਕਤ ਕੀਤੀ।