ਝੰਬੋ ਚੋਅ ’ਚ ਹੜ੍ਹ ਕਾਰਨ ਝੋਨੇ ਦੀ ਫ਼ਸਲ ਡੁੱਬੀ
ਝੰਬੋ ਚੋਅ (ਭੁਪਿੰਦਰਾ ਸਾਗਰ ਡਰੇਨ) ਵਿੱਚ ਆਏ ਮੀਂਹ ਦੇ ਪਾਣੀ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਲਗਾਤਾਰ ਵਧਦੇ ਪਾਣੀ ਕਰਕੇ ਸ਼ਹਿਰ ਦੇ ਬਿਲਕੁਲ ਨਾਲ ਲੱਗਦੇ ਪਿੰਡ ਦਿਓਗੜ੍ਹ ਅਤੇ ਹਰਿਆਊ ਖੁਰਦ ਵਿੱਚ ਝੋਨੇ ਦੀ ਤਿਆਰ ਖੜ੍ਹੀ ਫ਼ਸਲ ਨੂੰ ਆਪਣੀ ਲਪੇਟ ਵਿੱਚ ਲੈ ਲੈਣ ਕਰਕੇ ਸੈਂਕੜੇ ਏਕੜ ਫ਼ਸਲ ਡੁੱਬ ਗਈ ਹੈ। ਕਿਸਾਨਾਂ ਵੱਲੋਂ ਡਰੇਨ ਦੇ ਇੱਕ ਪਾਸੇ ਬੰਨ੍ਹ ਨਾ ਬੰਨ੍ਹੇ ਜਾਣ ਕਾਰਨ ਸਰਕਾਰ ਪ੍ਰਤੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਪਿੰਡ ਦਿਓਗੜ੍ਹ ਵਾਸੀ ਨਿਰਪਾਲ ਸਿੰਘ, ਹਰਵਿੰਦਰ ਸਿੰਘ, ਗੁਰਬਖਸ਼ ਸਿੰਘ, ਬਹਾਦਰ ਸਿੰਘ, ਭਗਵੰਤ ਸਿੰਘ, ਬਲਵੀਰ ਸਿੰਘ, ਸ਼ਮਸ਼ੇਰ ਸਿੰਘ, ਕਸ਼ਮੀਰ ਸਿੰਘ ਹਰਿਆਊ, ਕਿਸਾਨ ਆਗੂ ਸੁਖਦੇਵ ਸਿੰਘ ਹਰਿਆਊ ਅਤੇ ਬਲਕਾਰ ਸਿੰਘ ਨੇ ਦੱਸਿਆ ਕਿ ਝੰਬੋ ਵਾਲੀ ਚੋਅ ਵਿੱਚ ਹਰ ਸਾਲ ਹੜ੍ਹ ਆਉਣ ਕਰਕੇ ਉਨ੍ਹਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬ ਜਾਂਦੀ ਹੈ ਪਰ ਕਦੇ ਵੀ ਕਿਸੇ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ । ਕਿਸਾਨਾਂ ਨੇ ਦੱਸਿਆ ਕਿ ਡਰੇਨ ਦੇ ਇੱਕ ਪਾਸੇ ਤਾਂ ਬੰਨ੍ਹ ਬੰਨ੍ਹਿਆ ਹੋਇਆ ਹੈ ਜਦੋਂ ਕਿ ਦੂਜੇ ਪਾਸੇ ਆਜ਼ਾਦੀ ਦੇ 50 ਸਾਲ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਕਿਸੇ ਵੀ ਸਰਕਾਰ ਨੇ ਬੰਨ੍ਹ ਬਣਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਮਾਮੂਲੀ ਮੀਂਹ ਕਰਕੇ ਵੀ ਇਨ੍ਹਾਂ ਪਿੰਡਾਂ ਵਿੱਚ ਸੈਂਕੜੇ ਏਕੜ ਫ਼ਸਲ ਹਰ ਸਾਲ ਤਬਾਹ ਹੋ ਜਾਂਦੀ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਡਰੇਨ ਦੇ ਦੂਜੇ ਪਾਸੇ ਬੰਨ ਮਜਬੂਰ ਕਰੇ ਹਰ ਸਾਲ ਹੋਣ ਵਾਲੀ ਤਬਾਹੀ ਤੋਂ ਕਿਸਾਨਾਂ ਨੂੰ ਬਚਾਵੇ।