ਕਾਂਗਰਸ ਦੀ ਮਜ਼ਬੂਤੀ ਲਈ ਸੰਗਠਨ ਸਿਰਜਣ ਸੰਮੇਲਨ
ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਸੰਗਠਨ ਸਿਰਜਣ ਸੰਮੇਲਨ ਦੀ ਲੜੀ ਤਹਿਤ ਪਟਿਆਲਾ ਦਿਹਾਤੀ ਦੇ ਬਲਾਕ ਆਲੋਵਾਲ ਅਧੀਨ ਪਿੰਡ ਘਮਰੌਦਾ, ਬਲਾਕ ਤ੍ਰਿਪੜੀ ਤੇ ਬਿਸ਼ਨ ਨਗਰ ਵਿੱਚ ਮੀਟਿੰਗ ਕੀਤੀਆਂ ਗਈਆਂ। ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਪਟਿਆਲਾ ਜ਼ਿਲ੍ਹਾ ਸ਼ਹਿਰੀ ਦੇ ਆਬਜ਼ਰਵਰ ਸੰਜੈ ਦੱਤ, ਪੀਸੀਸੀ ਅਬਜ਼ਰਵਰ ਸਿਤਾਰ ਮੁਹੰਮਦ ਲਿਬੜਾ, ਪੀਸੀਸੀ ਆਬਜ਼ਰਵਰ ਸ਼ਿਵਮ ਸ਼ਰਮਾ (ਸ਼ੂਬੀ), ਪੰਜਾਬ ਯੂਥ ਪ੍ਰਧਾਨ ਮੋਹਿਤ ਮਹਿੰਦਰਾ, ਪਟਿਆਲਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਨਰੇਸ਼ ਦੁੱਗਲ ਨੇ ਖ਼ਾਸ ਤੌਰ ’ਤੇ ਸ਼ਮੂਲੀਅਤ ਕੀਤੀ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਬਜ਼ਰਵਰ ਸੰਜੈ ਦੱਤ ਨੇ ਕਿਹਾ ਕਿ ਪਾਰਟੀ ਦੀ ਤਾਕਤ ਉਸ ਦੇ ਵਰਕਰ ਹਨ, ਜਿਸ ਤਹਿਤ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ। ਪਿੰਡ ਪੱਧਰ ਤੋਂ ਸ਼ਹਿਰ ਪੱਧਰ ਤੱਕ ਜੇ ਵਰਕਰ ਇਕਜੁੱਟ ਹੋ ਕੇ ਕੰਮ ਕਰਨ, ਤਾਂ ਕੋਈ ਵੀ ਤਾਕਤ ਕਾਂਗਰਸ ਨੂੰ ਰੋਕ ਨਹੀਂ ਸਕਦੀ। ਸੰਮੇਲਨ ਦੌਰਾਨ ਵੱਖ-ਵੱਖ ਬਲਾਕਾਂ ’ਤੇ ਪਿੰਡਾਂ ਤੋਂ ਪਹੁੰਚੇ ਵਰਕਰਾਂ ਨੇ ਆਪਣੀਆਂ ਗੱਲਾਂ ਸਾਹਮਣੇ ਰੱਖਦਿਆਂ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਦੇ ਤਰੀਕਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਸਿਤਾਰ ਮੁਹੰਮਦ ਲਿਬੜਾ ਨੇ ਕਿਹਾ ਕਿ ਸੰਗਠਨਾਤਮਕ ਮਜ਼ਬੂਤੀ ਤੋਂ ਬਿਨਾਂ ਰਾਜਨੀਤੀ ਵਿੱਚ ਕਾਮਯਾਬੀ ਸੰਭਵ ਨਹੀਂ।
ਮੋਹਿਤ ਮਹਿੰਦਰਾ ਨੇ ਵੀ ਵਰਕਰਾਂ ਨੂੰ ਹਿੰਮਤ ਦਿੱਤੀ ਕਿ ਪਾਰਟੀ ਦੀ ਸੋਚ ਅਤੇ ਨੀਤੀਆਂ ’ਤੇ ਲੋਕਾਂ ਦਾ ਭਰੋਸਾ ਜਿੱਤਣ ਲਈ ਸਭ ਮਿਲ ਕੇ ਇੱਕ ਟੀਮ ਵਾਂਗ ਕੰਮ ਕਰਨ। ਇਸ ਮੌਕੇ ਅਤੇ ਬਲਾਕ ਆਲੋਵਾਲ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਰਾਜੇਸ਼ ਸ਼ਰਮਾ ਰਾਜੂ, ਹਰਵਿੰਦਰ ਸ਼ੁਕਲਾ ਤਿੰਨੋ ਬਲਾਕ ਪ੍ਰਧਾਨ ਮੌਜੂਦ ਸਨ।