ਸਮਾਣਾ ਦੇ ਪੰਜ ਪਿੰਡ ਪਾਤੜਾਂ ਬਲਾਕ ਨਾਲ ਜੋੜਨ ਦਾ ਵਿਰੋਧ
ਤਹਿਸੀਲ ਸਮਾਣਾ ਦੇ ਪੰਜ ਪਿੰਡਾਂ ਭੇਡਪੁਰੀ, ਦੋਦੜਾ, ਸਹਿਜਪੁਰਾ ਕਲਾਂ, ਸਹਿਜਪੁਰ ਖੁਰਦ ਤੇ ਕੋਟਲੀ ਦੀਆਂ ਪੰਚਾਇਤਾਂ ਨੇ ਪਿੰਡ ਦੋਦੜਾ ਦੇ ਗੁਰੂਘਰ ਵਿੱਚ ਇਕੱਠ ਕਰ ਕੇ ਬਲਾਕ ਸਮਾਣਾ ’ਚੋਂ ਉਨ੍ਹਾਂ ਦੇ ਪਿੰਡ ਪਾਤੜਾਂ ਬਲਾਕ ਨਾਲ ਜੋੜਨ ਖ਼ਿਲਾਫ਼ ਮਾਤ ਪਾ ਕੇ ਸਾਰੀਆਂ ਸਿਆਸੀ ਪਾਰਟੀਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਭੇਡਪੁਰੀ ਤੇ ਗੁਰਦੀਪ ਸਿੰਘ ਦੋਦੜਾ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਸਮਾਣਾ ਦੇ ਕਰੀਬ 5 ਕਿਲੋਮੀਟਰ ਦੇ ਘੇਰੇ ਵਿੱਚ ਪੈਂਦੇ ਹਨ ਤੇ ਉਨ੍ਹਾਂ ਦਾ ਸਾਰਾ ਕਾਰੋਬਾਰ ਤੇ ਦਫ਼ਤਰ ਪਹਿਲਾਂ ਸਮਾਣਾ ਤਹਿਸੀਲ ਨਾਲ ਜੁੜੇ ਹੋਏ ਹਨ। ਹਲਕਾ ਭਾਵੇਂ ਉਨ੍ਹਾਂ ਨੂੰ ਸ਼ੁਤਰਾਣਾ ਲੱਗਦਾ ਹੈ ਪਰ ਉਨ੍ਹਾਂ ਨੂੰ ਸਾਰੇ ਸਰਕਾਰੀ ਕੰਮਾਂ ਲਈ ਸਮਾਣਾ ਹੀ ਨੇੜੇ ਪੈਂਦਾ ਹੈ। ਹੁਣ ਉਨ੍ਹਾਂ ਦੇ ਪਿੰਡ ਬਲਾਕ ਪਾਤੜਾਂ ਨਾਲ ਜੁੜਨ ਨਾਲ ਉਨ੍ਹਾਂ ਦਾ ਸਫ਼ਰ 30 ਤੋਂ 35 ਕਿਲੋਮੀਟਰ ਦੂਰ ਹੋ ਜਾਵੇਗਾ ਤੇ ਉਨ੍ਹਾਂ ਨੂੰ ਉੱਥੇ ਜਾਣ ਲਈ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ। ਪੰਚਾਇਤਾਂ ਨੇ ਮਤਾ ਪਾ ਕੇ ਐੱਸ ਡੀ ਐੱਮ ਸਮਾਣਾ ਅਤੇ ਡੀ ਸੀ ਪਟਿਆਲਾ ਰਾਹੀਂ ਪੰਜਾਬ ਸਰਕਾਰ ਨੂੰ ਵੀ ਭੇਜਿਆ ਹੈ ਕਿ ਉਨ੍ਹਾਂ ਦੇ ਪੰਜ ਪਿੰਡ ਹਲਕਾ ਸਮਾਣਾ ਦੇ ਨਾਲ ਹੀ ਜੋੜ ਦਿੱਤੇ ਜਾਣ। ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਪਿੰਡ ਸਮਾਣਾ ਹਲਕੇ ਨਾਲ ਨਹੀਂ ਜੋੜੇ ਜਾਂਦੇ ਤਾਂ ਸਾਰੀਆਂ ਸਿਆਸੀ ਪਾਰਟੀਆਂ ਦਾ ਬਾਈਕਾਟ ਕਰਕੇ ਚੋਣਾਂ ਵਿੱਚ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਵਿੱਢਿਆ ਜਾਵੇਗਾ।