ਹਾਂਸੀ-ਬੁਟਾਣਾ ਨਹਿਰ ਉਸਾਰਨ ਦਾ ਵਿਰੋਧ: ਪਟਿਆਲਾ-ਚੀਕਾ ਸੜਕ ’ਤੇ ਆਵਾਜਾਈ ਰੋਕੀ
ਹਾਂਸੀ-ਬੁਟਾਣਾ ਨਹਿਰ ਦੇ ਵਿਵਾਦਿਤ ਨਿਰਮਾਣ ਨਾਲ ਘੱਗਰ ਦਰਿਆ ਦੇ ਪਾਣੀ ਨੂੰ ਲੱਗ ਰਹੀ ਡਾਫ ਕਾਰਨ ਹਰ ਸਾਲ ਦਰਜਨਾਂ ਪਿੰਡ ਹੜ੍ਹ ਦੀ ਲਪੇਟ ਵਿੱਚ ਆ ਜਾਂਦੇ ਹਨ ਅਤੇ ਇਸ ਵਾਰ ਵੀ ਸੈਂਕੜੇ ਏਕੜ ਫਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਇਸ ਗੰਭੀਰ ਸਮੱਸਿਆ ਦੇ ਵਿਰੋਧ ਵਿੱਚ ਅੱਜ ਹੜ੍ਹ-ਪੀੜਤ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪ੍ਰਭਾਵਿਤ ਪਿੰਡਾਂ ਦੇ ਵੱਡੇ ਗਿਣਤੀ ਲੋਕਾਂ ਨੇ ਪਿੰਡ ਧਰਮਹੇੜੀ ਕੋਲ ਪਟਿਆਲਾ-ਚੀਕਾ ਸੜਕ ’ਤੇ ਤਿੱਖਾ ਪ੍ਰਦਰਸ਼ਨ ਕਰਦਿਆਂ ਲਗਭਗ ਦੋ ਘੰਟਿਆਂ ਲਈ ਆਵਾਜਾਈ ਪੂਰੀ ਤਰ੍ਹਾਂ ਠੱਪ ਕਰਕੇ ਧਰਨਾ ਦਿੱਤਾ। ਮੁਜ਼ਾਹਰੇ ਦੌਰਾਨ ਲੋਕਾਂ ਨੇ ਹਰਿਆਣਾ ਸਰਕਾਰ ਦੇ ਖ਼ਿਲਾਫ਼ ਭਾਰੀ ਨਾਅਰੇਬਾਜ਼ੀ ਕੀਤੀ। ਕਮੇਟੀ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਹਾਂਸੀ-ਬੁਟਾਣਾ ਨਹਿਰ ਕਾਰਨ ਘੱਗਰ ਦਾ ਪਾਣੀ ਰੁਕਦਾ ਹੈ ਤੇ ਹਰ ਸਾਲ ਸੈਂਕੜੇ ਏਕੜ ਫਸਲ ਬਰਬਾਦ ਹੋ ਜਾਂਦੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਦ ਤੱਕ ਇਸ ਨਹਿਰ ਦੇ ਸਾਈਫਨ ਨਹੀਂ ਖੋਲ੍ਹੇ ਜਾਂਦੇ ਜਾਂ ਇਸ ਨੂੰ ਘੱਗਰ ਦਰਿਆ ਦੇ ਹੇਠਾਂ ਤੋਂ ਨਹੀਂ ਲੰਘਾਇਆ ਜਾਂਦਾ, ਉਸ ਸਮੇਂ ਤੱਕ ਹੜ੍ਹ ਦੀ ਸਮੱਸਿਆ ਦਾ ਸਥਾਈ ਹੱਲ ਸੰਭਵ ਨਹੀਂ। ਕਮੇਟੀ ਨੇ ਲੋਕਾਂ ਦੀਆਂ ਮੰਗਾਂ ਬਾਰੇ ਦੱਸਿਆ ਕਿ ਪਹਿਲੀ ਮੰਗ ਇਹ ਹੈ ਕਿ ਹਾਂਸੀ-ਬੁਟਾਣਾ ਨਹਿਰ ਦੇ ਸਾਈਫਨ ਕਰੀਬ ਦੋ ਕਿਲੋਮੀਟਰ ਦੇ ਖੇਤਰ ਵਿੱਚ ਬਣਾਏ ਜਾਣ ਤਾਂ ਜੋ ਘੱਗਰ ਦੇ ਪਾਣੀ ਦੀ ਕੁਦਰਤੀ ਵਹਾਅ ਰਵਾਨਗੀ ਯਕੀਨੀ ਹੋ ਸਕੇ। ਦੂਜੀ ਮੰਗ ਇਹ ਹੈ ਕਿ ਇਸ ਨਹਿਰ ਨੂੰ ਘੱਗਰ ਦਰਿਆ ਦੇ ਹੇਠਾਂ ਲੰਘਾ ਕੇ ਸਥਾਈ ਹੱਲ ਕੱਢਿਆ ਜਾਵੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪ੍ਰਭਾਵਿਤ ਪਿੰਡਾਂ ਵਿੱਚ ਪੱਕੇ ਬੰਨ੍ਹ ਬਣਾਏ ਜਾਣ ਅਤੇ ਨਿਕਾਸੀ ਦੀ ਉਚਿਤ ਪ੍ਰਣਾਲੀ ਤਿਆਰ ਕੀਤੀ ਜਾਵੇ ਤਾਂ ਜੋ ਹਰ ਸਾਲ ਲੋਕਾਂ ਨੂੰ ਹੜ੍ਹ ਦੀ ਤਬਾਹੀ ਦਾ ਸਾਹਮਣਾ ਨਾ ਕਰਨਾ ਪਵੇ।
ਧਰਨੇ ਦੌਰਾਨ ਹੜ੍ਹ-ਪੀੜਤ ਸੰਘਰਸ਼ ਕਮੇਟੀ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਾਮ ਮੰਗ-ਪੱਤਰ ਨਾਇਬ ਤਹਿਸੀਲਦਾਰ ਚੀਕਾ ਬੰਸੀ ਲਾਲ ਨੂੰ ਸੌਂਪਿਆ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਪਹੁੰਚੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਵਿਧਾਇਕ ਜੌੜੇਮਾਜਰਾ ਨੇ ਕਿਹਾ ਕਿ ਉਹ ਇਹ ਮੁੱਦਾ ਵਿਧਾਨ ਸਭਾ ਵਿੱਚ ਚੁੱਕਣਗੇ ਤਾਂ ਜੋ ਇਸ ਸਮੱਸਿਆ ਦਾ ਪੱਕਾ ਹੱਲ ਨਿਕਲ ਸਕੇ। ਕਮੇਟੀ ਦੇ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਮੱਸਿਆ ਦੋਹਾਂ ਰਾਜਾਂ ਪੰਜਾਬ ਤੇ ਹਰਿਆਣਾ ਦੀ ਸਾਂਝੀ ਹੈ ਅਤੇ ਦੋਹਾਂ ਸਰਕਾਰਾਂ ਨੂੰ ਮਿਲ ਬੈਠ ਕੇ ਹੀ ਇਸ ਦਾ ਹੱਲ ਕਰਨਾ ਪਵੇਗਾ। ਇਕੱਠੇ ਹੋਏ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਅਣਸੁਣਿਆ ਕੀਤਾ ਤਾਂ ਸੰਘਰਸ਼ ਹੋਰ ਵੱਡੇ ਪੱਧਰ ’ਤੇ ਕੀਤਾ ਜਾਵੇਗਾ ਅਤੇ ਰਾਜਧਾਨੀ ਤੱਕ ਮੁਜ਼ਾਹਰੇ ਲਿਜਾਏ ਜਾਣਗੇ। ਇਸ ਮੌਕੇ ਕਮੇਟੀ ਦੇ ਸੀਨੀਅਰ ਆਗੂ ਸਾਬਕਾ ਸਰਪੰਚ ਹਰਚਰਨ ਸਿੰਘ ਅਤੇ ਹਰਭਜਨ ਸਿੰਘ ਨੇ ਆਖਿਆ ਕਿ ਜਦ ਤੱਕ ਹਾਂਸੀ-ਬੁਟਾਣਾ ਨਹਿਰ ਕਾਰਨ ਬਣ ਰਹੀ ਹੜ੍ਹ ਦੀ ਸਮੱਸਿਆ ਦਾ ਸਥਾਈ ਹੱਲ ਨਹੀਂ ਕੀਤਾ ਜਾਂਦਾ, ਤਦ ਤੱਕ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਕਮੇਟੀ ਵੱਲੋਂ ਪਿੰਡ ਧਰਮਹੇੜੀ ਵਿੱਚ ਪੱਕਾ ਮੋਰਚਾ ਲਗਾਇਆ ਗਿਆ ਹੈ, ਜਿੱਥੇ ਹਰ ਰੋਜ਼ ਵੱਖ-ਵੱਖ ਪਿੰਡਾਂ ਦੇ ਲੋਕ ਰੋਸ ਪ੍ਰਗਟਾਉਣਗੇ ਅਤੇ ਅਗਲੇ ਪ੍ਰੋਗਰਾਮਾਂ ਲਈ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਮੌਕੇ ਕਸ਼ਮੀਰ ਸਿੰਘ ਵਿਰਕ, ਸਰਪੰਚ ਵਰਿੰਦਰ ਸਿੰਘ ਸੋਨੂੰ, ਲਬੜਦਾਰ ਹਰਪਾਲ ਸਿੰਘ, ਨਿਸ਼ਾਨ ਸਿੰਘ ਚੀਮਾ, ਮਲਕੀਤ ਸਿੰਘ ਚੀਮਾ, ਅਮਨ ਸਿੰਘ ਗਿੱਲ, ਰਵੀ ਸਰਪੰਚ, ਬਲਜੀਤ ਸਰਪੰਚ, ਗੁਰਬੰਸ ਸਿੰਘ ਪੁਨੀਆਂ, ਸੁਖਦੇਵ ਸਿੰਘ ਨਿਜਾਮਣੀ ਵਾਲਾ, ਜਗਮੇਲ ਸਿੰਘ ਸੱਸਾ, ਭੁਪਿੰਦਰ ਸਿੰਘ ਘਿਉਰਾ, ਸੋਹਨ ਲਾਲ ਸਰਪੰਚ, ਬਲਵਿੰਦਰ ਸਿੰਘ ਸਰਪੰਚ, ਹਰਦੀਪ ਸਿੰਘ ਚੀਮਾ, ਮਹਿਲ ਸਿੰਘ ਢੀਂਡਸਾ, ਲਖਵਿੰਦਰ ਸਿੰਘ ਲੱਖਾ, ਜਰਨੈਲ ਸਿੰਘ, ਹਰਦਮ ਸਿੰਘ ਬੀਬੀਪੁਰ,ਵਿਕਰਮ ਸਿੰਘ ਨੰਬਰਦਾਰ ਸਮੇਤ ਵੱਖ-ਵੱਖ ਪਿੰਡਾਂ ਦੇ ਵੱਡੀ ਗਿਣਤੀ ਲੋਕ ਹਾਜ਼ਰ ਸਨ।