ਵਿਕਾਸ ਦੇ ਮੁੱਦੇ ’ਤੇ ਬਹਿਸ ਤੋਂ ਭੱਜੇ ਵਿਰੋਧੀ: ਪਠਾਣਮਾਜਰਾ
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਦੇਵੀਗੜ੍ਹ ਵਿੱਚ ਵਿਰੋਧੀ ਧਿਰ ’ਤੇ ਵਿਕਾਸ ਦੇ ਮੁੱਦੇ ਬਾਰੇ ਡਿਬੇਟ ਤੋਂ ਭੱਜਣ ’ਤੇ ਦੋਸ਼ ਲਾਏ। ਪਠਾਣਮਾਜਰਾ ਨੇ ਕਿਹਾ ਕਿ ਹਲਕੇ ਦੇ ਵਿਰੋਧੀ ਧਿਰ ਦੇ ਆਗੂਆਂ ਨੂੰ ਫੋਕੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਸਗੋਂ ਲੋਕਾਂ ਨੂੰ ਆਪਣੀ ਸਰਕਾਰ ਵੇਲੇ ਹੋਏ ਓਨੇ ਕੇ ਕੰਮ ਗਿਣਾਉਣੇ ਚਾਹੀਦੇ ਹਨ, ਜਿੰਨੇ ਉਨ੍ਹਾਂ ਦੀ ਸਰਕਾਰ ਵੇਲੇ ਹੋਏ ਸਨ। ਜ਼ਿਕਰਯੋਗ ਹੈ ਕਿ ਅੱਜ ਵਿਰੋਧੀ ਧਿਰ ਦੇ ਆਗੂਆਂ ਨੇ ਖਸਤਾ ਹਾਲ ਸੜਕਾਂ ਦੇ ਮੁੱਦੇ ’ਤੇ ਦੇਵੀਗੜ੍ਹ ਵਿੱਚ ਧਰਨੇ ਦਾ ਐਲਾਨ ਕੀਤਾ ਸੀ ਪਰ ਉਨ੍ਹਾਂ ਵੱਲੋਂ ਧਰਨਾ ਨਹੀਂ ਦਿੱਤਾ ਗਿਆ। ਦੂਜੇ ਪਾਸੇ ਵਿਧਾਇਕ ਪਠਾਣਮਾਜਰਾ ਧਰਨੇ ਲਈ ਤੈਅ ਥਾਂ ’ਤੇ ਅਧਿਕਾਰੀਆਂ ਤੇ ਸਮਰਥਕਾਂ ਸਣੇ ਪੁੱਜ ਗਏ। ਇਸ ਮੌਕੇ ਵਿਧਾਇਕ ਪਠਾਣਮਾਜਰਾ ਨੇ ਕਿਹਾ, ‘‘ਮੈਂ ਤਾਂ ਧਰਨੇ ਵਾਲੀ ਥਾਂ ’ਤੇ ਪੁਹੰਚਿਆਂ ਹਾਂ ਪਰ ਧਰਨੇ ਦਾ ਐਲਾਨ ਕਰਨ ਵਾਲੇ ਆਗੂ ਹੀ ਡਿਬੇਟ ਕਰਨ ਤੋਂ ਭੱਜ ਗਏ।’’ ਵਿਧਾਇਕ ਪਠਾਣਮਾਜਰਾ ਨੇ ਹਲਕੇ ਨਾਲ ਸਬੰਧਤ ਸਾਰੇ ਹੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਬੁਲਾਇਆ ਸੀ ਤਾਂ ਕਿ ਉਹ ਵੀ ਆਪਣੇ-ਆਪਣੇ ਵਿਭਾਗਾਂ ਵੱਲੋਂ ਕਰਵਾਏ ਜਾਣ ਵਾਲੇ ਕੰਮ ਲੋਕਾਂ ਸਾਹਮਣੇ ਰੱਖਣ। ਇਸ ਮੌਕੇ ਪਠਾਣਮਾਜਰਾ ਨੇ ਦੱਸਿਆ ਕਿ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਹਲਕਾ ਸਨੌਰ ਦੇ 38 ਮਸਲਿਆਂ ਨੂੰ ਉਠਾਇਆ ਅਤੇ ਇਨ੍ਹਾਂ ਬਾਰੇ ਜਾਣਕਾਰੀ ਮੰਗੀ। ਇਸ ਮੌਕੇ ਨਗਰ ਪੰਚਾਇਤ ਦੇਵੀਗੜ੍ਹ ਦੇ ਪ੍ਰਧਾਨ ਸਵਿੰਦਰ ਕੌਰ ਧੰਜੂ ਤੇ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਪ੍ਰਦੀਪ ਜੋਸ਼ਨ ਆਦਿ ਹਾਜ਼ਰ ਸਨ।
ਸੜਕਾਂ ਦੇ ਟੈਂਡਰ ਹੋਣ ਕਾਰਨ ਮੁਲਤਵੀ ਕੀਤਾ ਸੀ ਧਰਨਾ: ਚੰਦੂਮਾਜਰਾ
Advertisementਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹਲਕੇ ਦੀਆਂ ਬਹੁਤ ਸਾਰੀਆਂ ਲਿੰਕ ਸੜਕਾਂ ਦੀ ਹਾਲਤ ਖਸਤਾ ਸੀ, ਜਿਸ ਕਰ ਕੇ ਇਹ ਧਰਨਾ ਲਗਾਇਆ ਜਾਣਾ ਸੀ ਪਰ ਹੁਣ ਸਰਕਾਰ ਵੱਲੋਂ ਬਹੁਤ ਸਾਰੀਆਂ ਲਿੰਕ ਸੜਕਾਂ ਦੇ ਟੈਂਡਰ ਹੋ ਚੁੱਕੇ ਹਨ। ਇਸ ਲਈ ਇਹ ਧਰਨਾ ਲਗਾਉਣ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ ਤੇ ਧਰਨੇ ਨੂੰ ਮੁਲਤਵੀ ਕਰ ਦਿੱਤਾ ਸੀ।