ਨਰਸਿੰਗ ਸਟਾਫ ਵੱਲੋਂ ਰਾਜਿੰਦਰਾ ਹਸਪਤਾਲ ’ਚ ਰੈਲੀ
ਪੰਜਾਬ ਸਰਕਾਰ ਦੇ ਗਰੇਡ ਪੇਅ ਦੀ ਮੰਗ ਸਬੰਧੀ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਨਰਸਿੰਗ ਸਟਾਫ਼ ਵੱਲੋਂ ਪਿਛਲੇ ਦਿਨਾਂ ਤੋਂ ਰੁਕ ਰੁਕ ਕੀਤੇ ਜਾ ਰਹੇ ਸੰਘਰਸ਼ ਦੀ ਕੜੀ ਵਜੋਂ ਅੱਜ ਹਸਪਤਾਲ ਕੰਪਲੈਕਸ ਅੰਦਰ ਰੋਸ ਰੈਲੀ ਕੀਤੀ ਗਈ। ਸੂਬਾਈ ਗਰੇਡ ਪੇਅ ਦੀ ਮੰਗ ਲਈ ਜਾਰੀ ਇਸ ਸੰਘਰਸ਼ ਦੌਰਾਨ ਅੱਜ ਰੈਲੀ ਦੌਰਾਨ ਨਰਸਿੰਗ ਸਟਾਫ਼ ਵੱਲੋਂ ਰਾਜਿੰਦਰਾ ਹਸਪਤਾਲ ਕੰਪਲੈਕਸ ਤੋਂ ਫੁਹਾਰਾ ਚੌਕ ਤੱਕ ਰੋਸ ਮਾਰਚ ਵੀ ਕੀਤਾ ਗਿਆ ਜਿਸ ਦੌਰਾਨ ਨਾਅਰੇਬਾਜ਼ੀ ਕਰਕੇ ਪੰਜਾਬ ਸਰਕਾਰ ਖਿਲਾਫ਼ ਖੂਬ ਭੜਾਸ ਕੱਢੀ ਗਈ। ਬੁਲਾਰਿਆਂ ਦਾ ਕਹਿਣਾ ਸੀ ਕਿ 4600 ਗਰੇਡ ਪੇਅ ਦੀ ਮੰਗ ਨੂੰ ਲੈ ਕੇ ਇਹ ਸੰਘਰਸ਼ 25 ਸਤੰਬਰ ਤੋਂ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁਲਾਜ਼ਮ ਏਕੇ ਅਤੇ ਸੰਘਰਸ਼ ਦੇ ਚੱੱਲਦਿਆਂ ਭਾਵੇਂ ਕਿ ਸਰਕਾਰ ਵੱਲੋਂ ਕਈ ਵਾਰ ਮੀਟਿੰਗਾਂ ਸੱਦ ਕੇ ਉਨ੍ਹਾਂ ਦੀ ਇਸ ਮੰਗ ਦੀ ਪੂਰਤੀ ਦਾ ਭਰੋਸਾ ਵੀ ਦਿੱਤਾ ਜਾ ਰਿਹਾ ਹੈ ਪਰ ਉਹ ਇਸ ਗੱਲ ’ਤੇ ਪਾਬੰਦ ਹਨ ਕਿ ਜਦੋਂ ਤੱਕ ਉਨ੍ਹਾਂ ਦੀ ਇਸ ਮੰਗ ਦੀ ਮੁਕੰਮਲ ਰੂਪ ’ਚ ਪੂਰਤੀ ਨਹੀਂ ਹੋ ਜਾਂਦੀ ਉਹ ਸੰਘਰਸ਼ ਜਾਰੀ ਰੱਖਣਗੇ। ਬੁਲਾਰਿਆਂ ਨੇ ਕਿਹਾ ਕਿ ਇਸ ਸੰਘਰਸ਼ ਵਿੱਚ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਸਮੇਤ ਮੁਹਾਲੀ ਦਾ ਨਰਸਿੰਗ ਸਟਾਫ਼ ਵੀ ਸ਼ਾਮਲ ਹੈ। ਇਸ ਮੌਕੇ ਹੀ ਪਿਛਲੇ ਦਿਨੀ ਮੁਹਾਲੀ ਵਿੱਚ ਸ਼ਾਂਤਮਈ ਧਰਨੇ ਦੌਰਾਨ ਇੱਕ ਅਧਿਕਾਰੀ ਵੱਲੋਂ ਸਟਾਫ਼ ਨਾਲ ਕਥਿਤ ਬਦਸਲੂਕੀ ਕਰਨ ਦੀ ਘਟਨਾ ਦੀ ਨਿੰਦਾ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਦੇ ਇਹ ਐਕਸ਼ਨ ਕੱਲ੍ਹ ਦੀ ਇਸ ਘਟਨਾ ਦੇ ਰੋਸ ਵਜੋਂ ਹੀ ਕੀਤੇ ਗਏ ਹਨ।
