ਨਵਜੰਮੇ ਬੱਚੇ ਦੀ ਮੌਤ: ਡਾਕਟਰ ਖ਼ਿਲਾਫ਼ ਕੇਸ
ਇੱਥੋਂ ਦੇ ਇਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਨਵਜੰਮੇ ਬੱਚੇ ਦੀ ਮੌਤ ਦੇ ਮਾਮਲਾ ’ਚ ਪੁਲੀਸ ਵੱਲੋਂ ਡਾਕਟਰ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਸ਼ਾਂਤ ਹੋ ਗਿਆ ਹੈ। ਹਾਲਾਂ ਕਿ ਡਾਕਟਰ ਫ਼ਰਾਰ ਦੱਸਿਆ ਜਾ ਰਿਹਾ ਹੈ। ਡਾਕਟਰ ਖ਼ਿਲਾਫ਼ ਕੇਸ ਦਰਜ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਅਗਵਾਈ ਕਰ ਰਹੇ ਦਮਦਮੀ ਟਕਸਾਲ ਰਾਜਪੁਰਾ ਦੇ ਮੁਖੀ ਬਰਜਿੰਦਰ ਸਿੰਘ ਪਰਵਾਨਾ, ਬਸਪਾ ਤੋਂ ਬਲਦੇਵ ਸਿੰਘ ਮਹਿਰਾ ਤੇ ਰਾਜਿੰਦਰ ਸਿੰਘ ਚਪੜ ਨੇ ਦੱਸਿਆ ਕਿ ਡੇਰਾ ਬਸੀ ਨੇੜੇ ਪਿੰਡ ਫ਼ਤਿਹਪੁਰ ਵਿਹੜਾ ਦੇ ਵਸਨੀਕ ਮਨਜੀਤ ਸਿੰਘ ਦੇ ਘਰ ਇਕ ਮਹੀਨਾ ਪਹਿਲਾ ਬੱਚਾ ਪੈਦਾ ਹੋਇਆ ਸੀ, ਜਿਸ ਨੂੰ ਪੀਲੀਏ ਦੀ ਸ਼ਿਕਾਇਤ ਹੋਣ ’ਤੇ ਉਕਤ ਡਾਕਟਰ ਨੇ ਆਪਣੇ ਹਸਪਤਾਲ ਵਿੱਚ 20-22 ਦਿਨ ਮਸ਼ੀਨ ਵਿੱਚ ਰੱਖਿਆ ਸੀ ਪਰ ਬੱਚੇ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਬੱਚੇ ਦੀ ਮੌਤ ਡਾਕਟਰ ਦੀ ਲਾਪਰਵਾਹੀ ਨਾਲ ਹੋਣ ਦਾ ਕਥਿਤ ਦੋਸ਼ ਲਗਾਇਆ ਹੈ। ਜਥੇਬੰਦੀਆਂ ਨੇ ਡਾਕਟਰ ਖ਼ਿਲਾਫ਼ ਕੇਸ ਦਰਜ ਕਰਨ ਲਈ ਭਾਰੀ ਗਿਣਤੀ ਸਮਰਥਕਾਂ ਨਾਲ ਪਹਿਲਾਂ ਹਸਪਤਾਲ ਅੱਗੇ ਧਰਨਾ ਲਗਾਇਆ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਉਹ ਇਕ ਰੈਲੀ ਦੇ ਰੂਪ ਵਿਚ ਗਗਨ ਚੌਕ ਵੱਲ ਚੱਲ ਪਏ ਜਿੱਥੇ ਐਸਡੀਐਮ ਰਾਜਪੁਰਾ ਅਵਿਕੇਸ਼ ਗੁਪਤਾ ਅਤੇ ਡੀਐਸਪੀ ਰਾਜਪੁਰਾ ਮਨਜੀਤ ਸਿੰਘ ਨੇ ਮੁਕੱਦਮਾ ਦਰਜ ਹੋਣ ਦਾ ਭਰੋਸਾ ਦੇ ਕੇ ਧਰਨਾ ਲਗਾਉਣ ਤੋਂ ਰੋਕ ਦਿੱਤਾ। ਸ਼ਾਮ ਵੇਲੇ ਪੁਲੀਸ ਵੱਲੋਂ ਡਾਕਟਰ ਖ਼ਿਲਾਫ਼ ਕੇਸ ਦਰਜ ਕਰਨ ਤੋਂ ਮਾਮਲਾ ਸ਼ਾਂਤ ਹੋ ਗਿਆ। ਇਸ ਮੌਕੇ ਐਸਡੀਐਮ ਨੇ ਕਿਹਾ ਕਿ ਜੇ ਪੀੜਤ ਪਰਿਵਾਰ ਵੱਲੋਂ ਜਾਂਚ ਦੀ ਸ਼ਿਕਾਇਤ ਆਵੇਗੀ ਤਾਂ ਡਾਕਟਰ ਵੱਲੋਂ ਕੀਤੇ ਇਲਾਜ ਅਤੇ ਲਏ ਪੈਸਿਆਂ ਸਬੰਧੀ ਵੀ ਜਾਂਚ ਕੀਤੀ ਜਾ ਸਕਦੀ ਹੈ। ਐੱਸਐੱਚਓ ਸਿਟੀ ਕਿਰਪਾਲ ਸਿੰਘ ਮੋਹੀ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਡਾਕਟਰ ਫ਼ਿਲਹਾਲ ਫ਼ਰਾਰ ਹੈ, ਉਸ ਦਾ ਹਸਪਤਾਲ ਬੰਦ ਹੋ ਚੁੱਕਾ ਹੈ।