ਨਾਭਾ: ਮੀਂਹ ਕਾਰਨ ਓਵਰਫਲੋਅ ਨਾਲੇ ਵਿੱਚ ਔਰਤ ਡਿੱਗੀ
ਮੋਹਿਤ ਸਿੰਗਲਾ
ਨਾਭਾ, 10 ਜੁਲਾਈ
ਇੱਥੋਂ ਦੇ ਬਠਿੰਡਿਆ ਮੁਹੱਲੇ ਵਿੱਚ ਓਵਰਫਲੋਅ ਨਾਲੇ ਵਿੱਚ ਡਿੱਗਣ ਕਾਰਨ 52 ਸਾਲਾ ਔਰਤ ਜ਼ਖ਼ਮੀ ਹੋ ਗਈ ਜੋ ਕਿ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਸੋਸ਼ਲ ਮੀਡੀਆ ’ਤੇ ਘਟਨਾ ਦੀ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਨਾਲੇ ਦੇ ਨਾਲ ਲੱਗਦੀ ਸੜਕ ਉਸਾਰੀ ਅਧੀਨ ਹੈ ਅਤੇ ਨਾਲੇ ਦੇ ਕਈ ਢੱਕਣ ਗਾਇਬ ਹਨ। ਲੰਘੀ ਸ਼ਾਮ ਮੀਂਹ ਮਗਰੋਂ ਨਾਲਾ ਓਵਰਫਲੋਅ ਹੋ ਰਿਹਾ ਸੀ ਤੇ ਔਰਤ ਨੂੰ ਨਾਲੇ ਦਾ ਪਤਾ ਨਹੀਂ ਲੱਗਿਆ। ਮੌਕੇ ’ਤੇ ਉਸ ਨਾਲ ਜਾ ਰਹੀ ਨੂੰਹ ਵੱਲੋਂ ਰੌਲਾ ਪਾਉਣ ’ਤੇ ਲੋਕਾਂ ਨੇ ਔਰਤ ਨੂੰ ਨਾਲੇ ਵਿਚੋਂ ਕੱਢਿਆ। ਪੀੜਤ ਮਧੂ ਨੂੰ ਪਹਿਲਾਂ ਨਾਭਾ ਦੇ ਇੱਕ ਨਿੱਜੀ ਹਸਤਪਾਲ ਲਿਜਾਇਆ ਗਿਆ ਪਰ ਦੇਰ ਸ਼ਾਮ ਨਾਭਾ ਵਿੱਚ ਐਕਸਰੇਅ ਜਾਂ ਸੀਟੀ ਸਕੈਨ ਦੀ ਸੁਵਿਧਾ ਉਪਲਬਧ ਨਾ ਹੋਣ ਕਾਰਨ ਪੀੜਤ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੀੜਤ ਦੇ ਦਿਉਰ ਦੇਵ ਰਾਜ ਨੇ ਦੱਸਿਆ ਕਿ ਘਬਰਾਹਟ ਕਾਰਨ ਪੀੜਤ ਦੇ ਅੰਦਰ ਗਾਰੇ ਵਾਲਾ ਪਾਣੀ ਚਲਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬਚਾਅ ਰਿਹਾ ਕਿ ਕੁਝ ਕਦਮ ਪਹਿਲਾਂ ਹੀ ਪੀੜਤ ਨੇ ਗੋਦੀ ਚੁੱਕਿਆ ਡੇਢ ਸਾਲ ਦਾ ਬੱਚਾ ਆਪਣੀ ਨੂੰਹ ਨੂੰ ਫੜਾ ਦਿੱਤਾ ਸੀ ਨਹੀਂ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਹ ਢੱਕਣ ਬਣਵਾਉਣ ਅਤੇ ਨਾਲੇ ਦੇ ਕਿਨਾਰੇ ਛੋਟੀ ਜਹੀ ਕੰਧ ਬਣਾਉਣ ਦੀ ਮੰਗ ਕਈ ਸਾਲਾਂ ਤੋਂ ਅਣਸੁਣੀ ਕੀਤੀ ਜਾ ਰਹੀ ਹੈ। ਹੁਣ ਵੀ ਜਦੋਂ ਇਸ ਹਾਦਸੇ ਮਗਰੋਂ ਲੋਕਾਂ ਨੇ ਰੌਲਾ ਪਾਇਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਢੱਕਣ ਦਾ ਟੈਂਡਰ ਨਹੀਂ ਹੈ। ਸੜਕ ਹੀ ਬਣਾਈ ਜਾਵੇਗੀ।
ਮੈਨੂੰ ਘਟਨਾ ਬਾਰੇ ਜਾਣਕਾਰੀ ਨਹੀਂ: ਕਾਰਜਸਾਧਕ ਅਫ਼ਸਰ
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਨਹੀਂ ਹੈ, ਉਹ ਮਾਮਲੇ ਦਾ ਪਤਾ ਕਰਨਗੇ। ਮੁਹੱਲੇ ਦੀ ਕੌਂਸਲਰ ਸੋਨੀਆ ਪਾਹੂਜਾ ਦੇ ਪਤੀ ਮੰਟੂ ਪਾਹੂਜਾ ਨੇ ਦੱਸਿਆ ਕਿ ਲੋਕਾਂ ਦੀ ਇਹ ਮੰਗ ਲੰਮੇ ਸਮੇ ਤੋਂ ਹੈ ਜਿਸ ਨੂੰ ਹੁਣ ਜਲਦ ਪੂਰਾ ਕਰਵਾਇਆ ਜਾਵੇਗਾ।