ਨਾਭਾ: ‘ਆਪ’ ਅਹੁਦੇਦਾਰਾਂ ਤੇ ਕੌਂਸਲਰਾਂ ਨੂੰ ਧਮਕਾਉਣ ਦੇ ਦੋਸ਼
ਕੌਂਸਲਰਾਂ ਤੋਂ ਇਲਾਵਾ ਹੋਰ ‘ਆਪ’ ਆਗੂਆਂ ਨੇ ਵੀ ਸੋਸ਼ਲ ਮੀਡਿਆ ’ਤੇ ਜਨਤਕ ਸੁਨੇਹੇ ਸਾਂਝੇ ਕੀਤੇ। ਪੁਲੀਸ ਕਾਰਵਾਈ ਦੀ ਨਿਖੇਧੀ ਕਰਦਿਆਂ ਭਾਦਸੋਂ ਮਾਰਕੀਟ ਕਮੇਟੀ ਚੇਅਰਮੈਨ ਦੀਪਾ ਰਾਮਗੜ੍ਹ ਨੇ ਲਿਖਿਆ ਕਿ ਕੌਂਸਲ ਪ੍ਰਧਾਨ ਦੇ ਪਤੀ ਖ਼ਿਲਾਫ਼ ਟਰਾਲੀ ਚੋਰੀ ਦੇ ਦੋਸ਼ਾਂ ਕਾਰਨ ਪਾਰਟੀ ਦੇ ਅਕਸ ਨੂੰ ਢਾਹ ਲੱਗੀ ਹੈ ਤੇ ਉਨ੍ਹਾਂ ਨੂੰ ਯਕੀਨ ਹੈ ਕਿ ਵਿਧਾਇਕ ਦੇਵ ਮਾਨ ਕਿਸਾਨਾਂ ਨਾਲ ਖੜਨਗੇ।
ਨਾਭਾ ਟਰੱਕ ਯੂਨੀਅਨ ਪ੍ਰਧਾਨ ਮਨਪ੍ਰੀਤ ਸਿੰਘ ਧਰੌਂਕੀ ਨੇ ਕਿਸਾਨਾਂ ਨਾਲ ਖੜਨ ਦਾ ਦਾਅਵਾ ਕਰਦਿਆਂ ਐੱਮਸੀ ਦੇ ਘਰ ਪੁਲੀਸ ਭੇਜਣ ਦੀ ਨਿਖੇਧੀ ਕੀਤੀ। ਇਸ ਤੋਂ ਇਲਾਵਾ ਪਾਰਟੀ ਦੇ ਹੋਰ ਯੂਥ ਆਗੂਆਂ ਨੇ ਵੀ ਸੋਸ਼ਲ ਮੀਡਿਆ ’ਤੇ ਵਿਧਾਇਕ ਨੂੰ ਕੌਂਸਲ ਪ੍ਰਧਾਨ ਤੋਂ ਅਸਤੀਫਾ ਲੈਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਖ਼ਿਲਾਫ਼ ਨਗਰ ਕੌਂਸਲ ਦੀ ਮਸ਼ੀਨਰੀ ਦਾ ਇਸਤੇਮਾਲ ਕਰਕੇ ਸ਼ੰਭੂ ਤੋਂ ਕਿਸਾਨਾਂ ਦੀ ਟਰਾਲੀ ਚੋਰੀ ਕਰਨ ਦਾ ਕੇਸ ਦਰਜ ਹੈ।
ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਵੀ ਐਲਾਨ ਕੀਤਾ ਕਿ ਭਲਕੇ ਹਾਊਸ ਮੀਟਿੰਗ ਮੌਕੇ ਉਹ ਕੌਂਸਲ ਦੇ ਬਾਹਰ ਖੜ੍ਹੇ ਹੋਣਗੇ ਤੇ ਪ੍ਰਸ਼ਾਸਨ ਦੇ ਨਾਲ ਨਾਲ ਸਾਰੇ ਕੌਂਸਲਰਾਂ ’ਤੇ ਉਨ੍ਹਾਂ ਦੀ ਨਜ਼ਰ ਰਹੇਗੀ। ਇਸ ਮਗਰੋਂ ਕਾਂਗਰਸ ਦੀ ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਖਨੌੜਾ ਨੇ ਵੀ ਐਲਾਨ ਕਰ ਦਿੱਤਾ ਕਿ ਜੇਕਰ ਕੋਈ ਕਾਂਗਰਸੀ ਕੌਂਸਲਰ ਮੀਟਿੰਗ ’ਚ ਗੈਰਹਾਜ਼ਰ ਰਿਹਾ ਜਾਂ ਬੇਭਰੋਸਗੀ ਮਤੇ ਦੇ ਉਲਟ ਭੁਗਤਿਆ ਤਾਂ ਪਾਰਟੀ ਵੱਲੋਂ ਉਸ ਖ਼ਿਲਾਫ਼ ਸਖਤ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।
ਹਾਲਾਂਕਿ ਨਾਭਾ ਡੀਐੱਸਪੀ ਮਨਦੀਪ ਕੌਰ ਨੇ ਪੁਲੀਸ ਵੱਲੋਂ ਕੌਂਸਲਰਾਂ ’ਤੇ ਦਬਾਅ ਬਣਾਉਣ ਤੋਂ ਸਾਫ ਇਨਕਾਰ ਕੀਤਾ।