ਜਵੰਦਾ ਦੀ ਮੌਤ ਕਾਰਨ ਸੰਗੀਤ ਖੇਤਰ ’ਚ ਸੋਗ
ਉੱਘੇ ਗਾਇਕ ਰਾਜਵੀਰ ਜਵੰਦਾ ਦੇ ਦੇਹਾਂਤ ਨਾਲ ਸੰਗੀਤ ਖੇਤਰ ਵਿੱਚ ਸੋਗ ਦੀ ਲਹਿਰ ਫੈਲ ਗਈ। ਇੱਥੇ ਪਟਿਆਲਾ ਦੇ ਗਾਇਕਾਂ ਤੇ ਲੇਖਕਾਂ ਨੇ ਗਾਇਕ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ। ਗਾਇਕ ਪਰਮੀਸ਼ ਵਰਮਾ ਦੇ ਪਿਤਾ ਡਾ. ਸਤੀਸ਼ ਵਰਮਾ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਦੁਖਦਾਈ ਦਿਨ ਹੈ, ਛੋਟੀ ਉਮਰ ਵਿਚ ਵੱਡਾ ਗਾਇਕ ਚਲਾ ਗਿਆ ਹੈ। ਉੱਘੇ ਗਾਇਕ ਪੰਮੀ ਬਾਈ ਨੇ ਕਿਹਾ ਕਿ ਇਹ ਦਿਨ ਸਭ ਤੋਂ ਵੱਧ ਅਫ਼ਸੋਸ ਦਾ ਦਿਨ ਹੈ, ਇਸ ਕਹਿਰ ਭਰੇ ਦਿਨ ਨੂੰ ਕਦੇ ਭੁਲਾ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਸ ਸੀ ਕਿ ਰਾਜਵੀਰ ਠੀਕ ਹੋ ਜਾਵੇਗਾ ਪਰ ਕੁਦਰਤ ਨੂੰ ਹੋਰ ਹੀ ਮਨਜ਼ੂਰ ਸੀ। ਕਮੇਡੀ ਅਦਾਕਾਰ ਤੇ ਨਿਰਦੇਸ਼ਕ ਗੁਰਚੇਤ ਚਿੱਤਰਕਾਰ ਨੇ ਕਿਹਾ ਕਿ ਬਹੁਤ ਹੀ ਸਾਊ ਤੇ ਕਲਾ ਪ੍ਰਤੀ ਇਮਾਨਦਾਰ ਕਲਾਕਾਰ ਰੱਬ ਨੇ ਖੋਹ ਲਿਆ ਹੈ, ਜਿਸ ਦਾ ਘਾਟਾ ਕਦੇ ਪੂਰਾ ਨਹੀਂ ਹੋਵੇਗਾ। ਫ਼ਿਲਮੀ ਅਦਾਕਾਰ ਤੇ ਥੀਏਟਰ ਦੇ ਨਿਰਦੇਸ਼ਕ ਡਾ. ਲੱਖਾ ਲਹਿਰੀ ਦੇ ਇੰਦਰਜੀਤ ਗੋਲਡੀ ਨੇ ਕਿਹਾ ਕਿ ਅਵਾਰਾ ਪਸ਼ੂਆਂ ਕਾਰਨ ਇਕ ਬਹੁਤ ਹੀ ਚੰਗਾ ਕਲਾਕਾਰ ਤੇ ਚੰਗਾ ਇਨਸਾਨ ਵਿਛੜ ਗਿਆ ਹੈ। ਉਸ ਵੱਲੋਂ ਗਾਏ ਸਮਾਜ ਸੁਧਾਰਕ ਤੇ ਸਾਦੇ ਪਰ ਪ੍ਰਭਾਵਸ਼ਾਲੀ ਗੀਤਾਂ ਤੇ ਫ਼ਿਲਮਾਂ ਵਿਚ ਕੀਤੇ ਕੰਮ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮਿਊਜ਼ਿਕ ਡਾਇਰੈਕਟਰ ਹਰਜੀਤ ਗੁੱਡੂ ਨੇ ਕਿਹਾ ਕਿ ਸੰਗੀਤ ਜਗਤ ਦਾ ਸਿਤਾਰਾ ਅਲੋਪ ਹੋ ਗਿਆ ਹੈ। ਸੁਖਵੰਤ ਲਵਲੀ ਨੇ ਕਿਹਾ ਕਿ ਕਲਾਕਾਰ ਬਣਨੇ ਮੁਸ਼ਕਿਲ ਹੁੰਦੇ ਹਨ ਪਰ ਜਵੰਦਾ ਜਿਹੇ ਗਾਇਕਾਂ ਨੂੰ ਬਣਨ ਲੱਗਿਆਂ ਕਈ ਕਈ ਸਾਲਾਂ ਦੀ ਘਾਲਣਾ ਲੱਗਦੀ ਹੈ, ਪਰ ਸਾਥੋਂ ਇਸ ਕਲਾਕਾਰ ਤੇ ਵਿੱਛੜ ਜਾਣ ਦਾ ਬਹੁਤ ਦੁਖ ਹੋਇਆ ਹੈ।