ਨਿਗਮ ਟੀਮ ਨੇ ਨਾਜਾਇਜ਼ ਕਬਜ਼ੇ ਹਟਾਏ
ਨਗਰ ਨਿਗਮ ਪਟਿਆਲਾ ਵੱਲੋਂ ਮੇਅਰ ਕੁੰਦਨ ਗੋਗੀਆ, ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਅਤੇ ਸਕੱਤਰ ਸੁਰਜੀਤ ਸਿੰਘ ਚੀਮਾ, ਸੁਪਰਡੈਂਟ ਮਨੀਸ਼ ਪੁਰੀ ਦੀ ਅਗਵਾਈ ਹੇਠ ਅੱਜ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਗਏ। ਖ਼ਾਸ ਕਰ ਰਾਜਿੰਦਰਾ ਹਸਪਤਾਲ ਦੇ ਬਾਹਰੀ ਇਲਾਕੇ, ਸਰਹਿੰਦ ਰੋਡ, ਰਾਘੋ ਮਾਜਰਾ, ਭੁਪਿੰਦਰਾ ਰੋਡ ‘ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਇਹ ਕਾਰਵਾਈ ਇੰਸਪੈਕਟਰ ਵਿਸ਼ਾਲ ਵਰਮਾ ਵੱਲੋਂ ਨਿਗਮ ਟੀਮ ਅਤੇ ਪੁਲੀਸ ਦੇ ਸਹਿਯੋਗ ਨਾਲ ਕੀਤੀ ਗਈ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਇਨ੍ਹਾਂ ਥਾਵਾਂ ’ਤੇ ਕਈ ਦੁਕਾਨਦਾਰਾਂ, ਠੇਲ੍ਹਿਆਂ ਅਤੇ ਹੋਰ ਵਿਅਕਤੀਆਂ ਵੱਲੋਂ ਸਰਕਾਰੀ ਜਗ੍ਹਾ ’ਤੇ ਕਬਜ਼ਾ ਕੀਤਾ ਗਿਆ ਸੀ ਜਿਸ ਕਰਕੇ ਆਵਾਜਾਈ ਵਿਚ ਰੁਕਾਵਟ ਆ ਰਹੀ ਸੀ ਅਤੇ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਰਾਜਿੰਦਰਾ ਹਸਪਤਾਲ ਦੇ ਬਾਹਰ ਰੋਜ਼ਾਨਾ ਮਰੀਜ਼ਾਂ ਅਤੇ ਐਮਰਜੈਂਸੀ ਵਾਹਨਾਂ ਦੀ ਆਉਣ-ਜਾਣ ਮੁਸ਼ਕਲ ਹੋ ਰਿਹਾ ਸੀ, ਪਰ ਨਾਜਾਇਜ਼ ਢਾਂਚਿਆਂ ਅਤੇ ਰੇਹੜੀਆਂ ਨੇ ਸੜਕ ਨੂੰ ਅੱਧਾ ਘੇਰਿਆ ਹੋਇਆ ਸੀ। ਇਸੇ ਤਰ੍ਹਾਂ ਸਰਹਿੰਦ ਰੋਡ ’ਤੇ ਵੀ ਕਈ ਕਬਜ਼ੇ ਕਾਰਨ ਟ੍ਰੈਫਿਕ ਜਾਮ ਆਮ ਗੱਲ ਬਣ ਚੁੱਕੀ ਸੀ। ਵਿਸ਼ਾਲ ਵਰਮਾ ਨੇ ਕਿਹਾ ਕਿ ਨਿਗਮ ਟੀਮ ਨੇ ਪੁਲਿਸ ਦੀ ਮੌਜੂਦਗੀ ਵਿਚ ਇਹ ਕਬਜ਼ੇ ਹਟਾ ਕੇ ਸੜਕਾਂ ਨੂੰ ਮੁੜ ਖੁੱਲ੍ਹਾ ਕਰ ਦਿੱਤਾ ਹੈ।