ਨਗਰ ਨਿਗਮ: ਮੇਅਰ ਤੇ ਅਧਿਕਾਰੀ ਆਹਮੋ-ਸਾਹਮਣੇ
ਵਿਜੀਲੈਂਸ ਨੂੰ ਸ਼ਿਕਾਇਤ ਮਗਰੋਂ ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਤੇ ਅਧਿਕਾਰੀ ਆਹਮੋ-ਸਾਹਮਣੇ ਹੋ ਗਏ ਹਨ। ਮੇਅਰ ਵੱਲੋਂ ਸਿਵਲ ਬਰਾਂਚ ਦੇ ਅਫਸਰਾਂ ’ਤੇ ਲਗਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਜੇਈ ਪਵਿੱਤਰ ਸਿੰਘ ਕਿਹਾ ਕਿ 9.85 ਲੱਖ ਦੀ ਜੋ ਮੇਅਰ ਗੱਲ ਕਰ ਰਹੇ ਹਨ, ਉਨ੍ਹਾਂ ਪੈਸਿਆਂ ਨਾਲ ਸ਼ਹਿਰ ਵਿੱਚ ਚਾਰ ਰਿਚਾਰਜ ਖੂਹ ਬਣਾਏ ਹਨ, ਜਿਸ ਦਾ ਮੇਅਰ ਤੇ ਸਿਹਤ ਮੰਤਰੀ ਨੂੰ ਵੀ ਪਤਾ ਹੈ। ਇਹ ਕੁੱਲ ਪ੍ਰਾਜੈਕਟ 32 ਲੱਖ ਦਾ ਸੀ ਪਰ ਜਿੰਨੇ ਪੈਸੇ ਮਿਲੇ ਉਹ ਠੇਕੇਦਾਰ ਨੂੰ ਦੇ ਦਿੱਤੇ। ਉਨ੍ਹਾਂ ਇਕ ਡਾਇਰੀ ਦੀ ਵੀਡੀਓ ਵੀ ਵਾਇਰਲ ਕੀਤੀ ਹੈ। ਦੂਜੇ ਪਾਸੇ ਮੇਅਰ ਕੁੰਦਨ ਗੋਗੀਆ ਨੇ ਇਸ ਵੀਡੀਓ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਪੱਤਰਕਾਰਾਂ ਨੂੰ ਸਪੱਸ਼ਟ ਕੀਤਾ ਕਿ ਇਹ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਵਿਜੀਲੈਂਸ ਵਿਭਾਗ ਕੋਲ ਕਾਰਵਾਈ ਲਈ ਪਹੁੰਚੇ, ਉਸ ਤੋਂ ਬਾਅਦ ਹੀ ਇਹ ਵੀਡੀਓ ਸਾਹਮਣੇ ਆਈ, ਜਦਕਿ ਮੁਲਾਜ਼ਮਾਂ ਕੋਲੋਂ ਡੇਢ ਮਹੀਨੇ ਪਹਿਲਾਂ ਤੋਂ ਹੀ ਇਸ ਸਬੰਧੀ ਜਾਣਕਾਰੀ ਮੰਗੀ ਜਾ ਰਹੀ ਸੀ। ਮੇਅਰ ਗੋਗੀਆ ਨੇ ਕਿਹਾ ਕਿ ਉਹ ਲੋਕਾਂ ਵੱਲੋਂ ਵਿਕਾਸ ਲਈ ਭਰੇ ਟੈਕਸ ਦੇ ਪੈਸੇ ਦੀ ਇਕ ਇਕ ਪੈਸੇ ਦੀ ਜਾਂਚ ਕਰਵਾਉਣ ਲਈ ਵਚਨਬੱਧ ਹਨ।
ਉਨ੍ਹਾਂ ਕਿਹਾ ਕਿ ਇਹ ਹਿਸਾਬ ਲੱਖਾਂ ਦਾ ਨਹੀਂ, ਸਗੋਂ ਕਰੋੜਾਂ ਰੁਪਏ ਦਾ ਬਾਕੀ ਹੈ। ਇਸ ਲਈ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਜੇਕਰ ਗੜਬੜ ਵਿੱਚ ਸ਼ਾਮਲ ਮਿਲਦਾ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਵੀਡੀਓ ਜਾਰੀ ਕਰਨਾ ਸਿਰਫ਼ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਜਦੋਂ ਉਨ੍ਹਾਂ ਵੱਲੋਂ ਵਿਜੀਲੈਂਸ ਦਫ਼ਤਰ ਪਹੁੰਚ ਕੀਤੀ ਗਈ, ਉਹ ਹੀ ਇਹ ਕਦਮ ਚੁੱਕਿਆ ਗਿਆ, ਜੋ ਆਪਣੇ ਆਪ ਸਵਾਲ ਖੜ੍ਹੇ ਕਰਦਾ ਹੈ'। ਉਨ੍ਹਾਂ ਦੱਸਿਆ ਕਿ ਹਿਸਾਬ ਸਿਰਫ਼ ਵਿਜੀਲੈਂਸ ਹੀ ਨਹੀਂ, ਸਗੋਂ ਟੈਕਨੀਕਲ ਟੀਮ ਨੂੰ ਨਾਲ ਲੈ ਕੇ ਕੀਤਾ ਜਾਵੇਗਾ।
ਇਸ ਦੌਰਾਨ ਪਿਛਲੇ ਕੁਝ ਸਾਲਾਂ ਦੇ ਲੋਕਾਂ ਵੱਲੋਂ ਸ਼ਹਿਰ ਦੇ ਵਿਕਾਸ ਲਈ ਭਰੇ ਕਰੋੜਾਂ ਦੇ ਟੈਕਸ ਸਬੰਧੀ ਵਾਊਚਰਾਂ ਦੀ ਵੀ ਤਫ਼ਤੀਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਭਰਿਆ ਗਿਆ ਟੈਕਸ ਸ਼ਹਿਰ ਦੀਆਂ ਸੜਕਾਂ, ਸਫ਼ਾਈ, ਪਾਣੀ ਤੇ ਹੋਰ ਸੁਵਿਧਾਵਾਂ ਲਈ ਵਰਤਿਆ ਜਾਣਾ ਚਾਹੀਦਾ ਹੈ। ਜੇਕਰ ਕੋਈ ਇਸ ਫ਼ਰਜ਼ ਨਾਲ ਧੋਖਾ ਕਰਦਾ ਹੈ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਅੰਤ ਵਿੱਚ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਟਿਆਲਾ ਦੇ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।