ਨਗਰ ਨਿਗਮ ਨੇ ਨਾਜਾਇਜ਼ ਕਬਜ਼ਾ ਛੁਡਵਾਇਆ
ਨਿਗਮ ਦੀ ਜਾਇਦਾਦ ’ਤੇ ਕੀਤਾ ਹੋਇਆ ਸੀ ਕਬਜ਼ਾ; ਪੁਲੀਸ ਫੋਰਸ ਰਹੀ ਤਾਇਨਾਤ
Advertisement
ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਇੱਕ ਹੋਰ ਮਹੱਤਵਪੂਰਨ ਕਾਰਵਾਈ ਕੀਤੀ ਗਈ। ਇਸ ਕਾਰਵਾਈ ਨੂੰ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪਰਮਵੀਰ ਸਿੰਘ, ਸਕੱਤਰ ਸੁਰਜੀਤ ਸਿੰਘ ਚੀਮਾ, ਸੁਪਰਡੈਂਟ ਲਵਨੀਸ਼ ਗੋਇਲ ਦੀ ਅਗਵਾਈ ਹੇਠ ਨਗਰ ਨਿਗਮ ਦੇ ਅਫ਼ਸਰ ਵਿਸ਼ਾਲ ਵਰਮਾ ਅਤੇ ਪਟਵਾਰੀ ਹਰਬੰਸ ਸਿੰਘ ਤੇ ਹੋਰ ਕਲਰਕ ਤੇ ਅਧਿਕਾਰੀਆਂ ਸਮੇਤ ਪੁਲੀਸ ਪ੍ਰਸ਼ਾਸਨ ਵੱਲੋਂ ਨੇਪਰੇ ਚਾੜ੍ਹਿਆ ਗਿਆ। ਇਸ ਦੌਰਾਨ ਨਿਗਮ ਨੇ ਲਗਪਗ 600 ਗਜ ਜ਼ਮੀਨ, ਜੋ ਕਿ ਨਿਗਮ ਦੀ ਮਾਲਕੀ ਸੀ, ’ਤੇ ਕੀਤਾ ਗਿਆ ਨਾਜਾਇਜ਼ ਕਬਜ਼ਾ ਹਟਾ ਕੇ ਜ਼ਮੀਨ ਨੂੰ ਮੁੜ ਆਪਣੇ ਕਬਜ਼ੇ ਵਿੱਚ ਲੈ ਲਿਆ।
ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਇਹ ਜਗ੍ਹਾ ਵੀਰ ਜੀ ਦੀ ਮੜ੍ਹੀਆਂ ਦੇ ਪਿੱਛੇ ਸਥਿਤ ਸੀ, ਜਿੱਥੇ ਕਈ ਸਾਲਾਂ ਤੋਂ ਨਾਜਾਇਜ਼ ਢਾਂਚੇ ਬਣੇ ਹੋਏ ਸਨ। ਅੱਜ ਨਿਗਮ ਟੀਮ ਨੇ ਸਥਾਨਕ ਪੁਲੀਸ ਦੀ ਮਦਦ ਨਾਲ ਇਹ ਕਾਰਵਾਈ ਸਵੇਰੇ 11 ਵਜੇ ਸ਼ੁਰੂ ਕੀਤੀ। ਕਾਰਵਾਈ ਦੌਰਾਨ ਮੌਕੇ ’ਤੇ ਜੇਸੀਬੀ ਮਸ਼ੀਨਾਂ ਰਾਹੀਂ ਕਬਜ਼ੇ ਹਟਾਏ ਗਏ ਅਤੇ ਮੌਜੂਦਾ ਢਾਂਚਿਆਂ ਨੂੰ ਤੋੜ ਦਿੱਤਾ ਗਿਆ। ਸਾਰੀ ਕਾਰਵਾਈ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹੀ ਅਤੇ ਕਿਸੇ ਵੀ ਕਿਸਮ ਦੇ ਵਿਰੋਧ ਜਾਂ ਹੰਗਾਮੇ ਦੀ ਸਥਿਤੀ ਪੈਦਾ ਨਹੀਂ ਹੋਈ। ਨਗਰ ਨਿਗਮ ਨੇ ਚਿਤਾਵਨੀ ਦਿੱਤੀ ਹੈ ਕਿ ਭਵਿੱਖ ਵਿਚ ਜੇਕਰ ਕਿਸੇ ਨੇ ਵੀ ਨਿਗਮ ਦੀ ਜਾਂ ਹੋਰ ਸਰਕਾਰੀ ਜਾਇਦਾਦ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Advertisement
Advertisement