ਮੋਗਾ: ਪੁਲੀਸ ਮੁਕਾਬਲੇ ਵਿਚ ਗੈਂਗਸਟਰ ਪ੍ਰਭ ਦਾਸੂਵਾਲ ਦਾ ਗੁਰਗਾ ਜ਼ਖ਼ਮੀ
Punjab news ਮੋਗਾ ਪੁਲੀਸ ਨਾਲ ਸ਼ੁੱਕਰਵਾਰ ਦੇਰ ਸ਼ਾਮ ਹੋਏ ਮੁਕਾਬਲੇ ਵਿੱਚ ਵਿਦੇਸ਼ੀ ਗੈਂਗਸਟਰ ਪ੍ਰਭ ਦਾਸੂਵਾਲ ਨਾਲ ਜੁੜਿਆ ਇੱਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਮਸ਼ਕੂਕ ਦੀ ਪਛਾਣ ਤਰਨ ਤਾਰਨ ਵਾਸੀ ਗੁਰਵਿੰਦਰ ਸਿੰਘ ਵਜੋਂ ਹੋਈ ਹੈ, ਜਿਸ ਨੂੰ ਗੋਲੀ ਲੱਗਣ ਤੋਂ ਬਾਅਦ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਮੋਗਾ ਦੇ ਐੱਸਐੱਸਪੀ ਅਜੈ ਗਾਂਧੀ ਦੇ ਅਨੁਸਾਰ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਲੋੜੀਂਦਾ ਅਪਰਾਧੀ- ਜਿਸ ਨੂੰ ਇਸ ਖੇਤਰ ਵਿੱਚ ਸਰਗਰਮ ਫਿਰੌਤੀ ਮਾਡਿਊਲ ਦਾ ਹਿੱਸਾ ਮੰਨਿਆ ਜਾਂਦਾ ਹੈ, ਕੋਟ ਆਈ ਸੇਖਾ ਲਿੰਕ ਰੋਡ ’ਤੇ ਘੁੰਮ ਰਿਹਾ ਹੈ। ਗੈਂਗਸਟਰ ਦਾ ਨੈੱਟਵਰਕ ਸਥਾਨਕ ਵਪਾਰੀਆਂ ਨੂੰ ਕਥਿਤ ਫਿਰੌਤੀ ਦੀਆਂ ਧਮਕੀਆਂ ਦੇ ਰਿਹਾ ਹੈ।
ਖੁਫੀਆ ਜਾਣਕਾਰੀ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ। ਕਾਰਵਾਈ ਦੌਰਾਨ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਪਰ ਉਸ ਨੇ ਕਥਿਤ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲੀਸ ਪਾਰਟੀ ’ਤੇ ਗੋਲੀਬਾਰੀ ਕੀਤੀ।
ਐੱਸਐੱਸਪੀ ਗਾਂਧੀ ਨੇ ਕਿਹਾ, ‘‘ਜਵਾਬੀ ਕਾਰਵਾਈ ਵਿੱਚ, ਪੁਲੀਸ ਨੇ ਵੀ ਗੋਲੀਆਂ ਚਲਾਈਆਂ, ਜਿਸ ਵਿਚ ਸ਼ੱਕੀ ਜ਼ਖਮੀ ਹੋ ਗਿਆ।’’ ਪੁਲੀਸ ਅਧਿਕਾਰੀ ਨੇ ਕਿਹਾ ਕਿ ਗੁਰਵਿੰਦਰ ਸਿੰਘ ਵਿਦੇਸ਼ ਬੈਠੇ ਗੈਂਗਸਟਰ ਦਾ ਸਰਗਰਮ ਸਾਥੀ ਹੈ ਜੋ ਮੋਗਾ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਕਾਰੋਬਾਰੀਆਂ ਨੂੰ ਧਮਕੀਆਂ ਦੇਣ ਅਤੇ ਜਬਰੀ ਵਸੂਲੀ ਵਿੱਚ ਸ਼ਾਮਲ ਹੈ। ਮੁਕਾਬਲੇ ਤੋਂ ਬਾਅਦ ਜ਼ਖ਼ਮੀ ਨੂੰ ਕਾਬੂ ਕਰਕੇ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਐੱਸਐੱਸਪੀ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
