ਯੂਥ ਰੈੱਡ ਕਰਾਸ ਫੰਡ ਲਈ ਮੋਦੀ ਕਾਲਜ ਦਾ ਪਹਿਲਾ ਸਥਾਨ
ਯੂਥ ਰੈੱਡ ਕਰਾਸ ਫੰਡ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਲਈ ਪਟਿਆਲਾ ਸ਼ਹਿਰ ਦੇ ਦੋ ਕਾਲਜਾਂ ਨੇ ਪਹਿਲੀਆਂ ਤਿੰਨ ਵਿੱਚੋਂ ਦੋ ਪੁਜੀਸ਼ਨਾ ਹਾਸਲ ਕਰ ਕੇ ਵੱਡਾ ਮਾਅਰਕਾ ਮਾਰਿਆ ਹੈ। ਇਸ ਦੌਰਾਨ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਪਹਿਲੇ ਜਦਕਿ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੀਸਰੇ ਸਥਾਨ ’ਤੇ ਰਿਹਾ ਹੈ। ਦੂਜਾ ਸਥਾਨ ਡੀ ਏ ਵੀ ਕਾਲਜ ਬਠਿੰਡਾ ਦੇ ਹਿੱਸੇ ਆਇਆ। ਇਸੇ ਦੌਰਾਨ ਪੰਜਾਬ ਸਰਕਾਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਹਾਈਅਰ ਐਜੂਕੇਸ਼ਨ ਦੇ ਅਦਾਰਿਆਂ ਵਿੱਚੋਂ ਸਰਕਾਰੀ ਕਾਲਜਾਂ ਦੀ ਸ਼੍ਰੇਣੀ ਵਿੱਚ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਅੱਵਲ ਰਿਹਾ ਹੈ। ਇਸ ਤਹਿਤ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਇਨ੍ਹਾਂ ਕਾਲਜਾਂ ਨੂੰ ਪਿਛਲੇ ਦਿਨੀ ਪੰਜਾਬ ਰਾਜ ਭਵਨ ਚੰਡੀਗੜ੍ਹ ਵਿੱਚ ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਦੀ ਹੋਈ ਸਾਲਾਨਾ ਜਨਰਲ ਮੀਟਿੰਗ ਦੌਰਾਨ ਸਨਮਾਨਿਤ ਕੀਤਾ ਸੀ। ਇਸ ਦੌਰਾਨ ਆਪਣੇ ਹਿੱਸੇ ਦਾ ਤੀਸਰੇ ਸਥਾਨ ਦਾ ਪੁਰਸਕਾਰ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਪ੍ਰੋ. ਨਿਸ਼ਠਾ ਤ੍ਰਿਪਾਠੀ ਨੇ ਪ੍ਰਾਪਤ ਕੀਤਾ। ਰਾਜਪਾਲ ਦਾ ਕਹਿਣਾ ਸੀ ਕਿ ਯੂਥ ਰੈੱਡ ਕਰਾਸ ਫੰਡ ਵਿੱਚ ਕਾਲਜ ਦਾ ਇਹ ਮਹੱਤਵਪੂਰਨ ਯੋਗਦਾਨ ਸਮਾਜ ਸੇਵਾ ਅਤੇ ਮਾਨਵਤਾਵਾਦੀ ਕੰਮਾਂ ਪ੍ਰਤੀ ਇਸ ਦੀ ਵਚਨਬੱਧਤਾ ਦਾ ਪ੍ਰਮਾਣ ਹੈ। ਇਹ ਪੁਰਸਕਾਰ ਰੈੱਡ ਕਰਾਸ ਦੇ ਆਦਰਸ਼ਾਂ ਅਤੇ ਸਮਾਜ ਸੇਵਾ ਪ੍ਰਤੀ ਸਮਰਪਣ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਜਾਂਦਾ ਹੈ। ਸੁਸਾਇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਫੰਡ ਦੀ ਵਰਤੋਂ ਰਾਜ ਭਰ ਵਿੱਚ ਚਲਾਏ ਜਾ ਰਹੇ ਮਾਨਵਤਾਵਾਦੀ ਪ੍ਰਾਜੈਕਟਾਂ ਅਤੇ ਪਹਿਲਕਦਮੀਆਂ ਜਾਰੀ ਰੱਖਣ ਲਈ ਕੀਤੀ ਜਾਂਦੀ ਹੈ।
