ਵਿਧਾਇਕ ਵੱਲੋਂ ਤਹਿਸੀਲ ਦਫ਼ਤਰ ਤੇ ਪਟਵਾਰਖ਼ਾਨੇ ਦਾ ਅਚਾਨਕ ਦੌਰਾ
ਲੋਕਾਂ ਵੱਲੋਂ ਮਿਲਦੀਆਂ ਸ਼ਿਕਾਇਤਾਂ ਤੋਂ ਬਾਅਦ ਪਹਿਲਾਂ ਵੀ ਹਲਕਾ ਵਿਧਾਇਕ ਨੇ ਸੀਨੀਅਰ ਅਧਿਕਾਰੀਆਂ ਨੂੰ ਇਨ੍ਹਾਂ ਗੈਰ-ਜ਼ਿੰਮੇਵਾਰ ਮੁਲਾਜ਼ਮਾਂ ਖ਼ਿਆਫ਼ ਸਖਤ ਕਾਰਵਾਈ ਕਰਨ ਲਈ ਕਿਹਾ ਸੀ ਪਰ ਉਸ ਦਾ ਕੋਈ ਅਸਰ ਹੋਇਆ ਦਿਖਾਈ ਨਹੀਂ ਦਿੱਤਾ।
ਅੱਜ ਸਵੇਰੇ ਕਰੀਬ ਸਾਢੇ ਨੌਂ ਵਜੇ ਵਿਧਾਇਕ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਡੇਹਲੋਂ ਦੇ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮ ਅਧਿਕਾਰੀਆਂ ਤੇ ਸਰਕਾਰ ਦੇ ਨੁਮਾਇੰਦਿਆਂ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ।
ਅੱਜ ਚੈਕਿੰਗ ਦੌਰਾਨ ਸਬ ਤਹਿਸੀਲ ਦਫ਼ਤਰ ਵਿੱਚ ਸਿਰਫ਼ ਇੱਕ ਮਹਿਲਾ ਰੀਡਰ ਹਾਜ਼ਰ ਸੀ ਅਤੇ ਸੀਡੀਪੀਓ ਦਫ਼ਤਰ ਵਿੱਚ ਇੱਕ ਕਲਰਕ ਮਿਲਿਆ। ਪੇਂਡੂ ਖੇਤਰ ਦੇ ਸਭ ਤੋਂ ਅਹਿਮ ਦਫ਼ਤਰ ਪਟਵਾਰਖਾਨੇ ਪਹੁੰਚਣ ’ਤੇ ਖਾਲੀ ਕੁਰਸੀਆਂ ਨੇ ਵਿਧਾਇਕ ਸਾਹਿਬ ਦੀ ਟੀਮ ਦਾ ਸਵਾਗਤ ਕੀਤਾ।
ਵਿਧਾਇਕ ਸੰਗੋਵਾਲ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਵੀ ਵੱਡੀ ਗਿਣਤੀ ਵਿੱਚ ਸਟਾਫ਼ ਦੀ ਗੈਰਹਾਜ਼ਰੀ ਬਾਰੇ ਡੀਸੀ ਲੁਧਿਆਣਾ ਨੂੰ ਫੋਨ ਕਰਕੇ ਸ਼ਿਕਾਇਤ ਕੀਤੀ ਸੀ ਪਰ ਉਸ ਦਾ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਹੁਣ ਵੀ ਗੈਰ-ਜ਼ਿੰਮੇਵਾਰ ਮੁਲਾਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਪੱਤਰ ਲਿਖ ਕੇ ਮੁੱਖ ਮੰਤਰੀ ਤੋਂ ਕਾਰਵਾਈ ਦੀ ਮੰਗ ਕਰਨਗੇ।