ਵਿਧਾਇਕ ਵੱਲੋਂ ਸੜਕ ਦੀ ਮੁਰੰਮਤ ਦਾ ਨੀਂਹ ਪੱਥਰ
ਇਥੇ ਸਰਕਾਰ ਵੱਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਹਲਕਾ ਸ਼ੁਤਰਾਣਾ ਦੇ ਇਤਿਹਾਸਿਕ ਪਿੰਡ ਬਹਿਰ ਸਾਹਿਬ ਤੋਂ ਅਰਨੋਂ ਜਾਣ ਵਾਲੀ ਸੜਕ ਦੀ ਮੁਰੰਮਤ ਦਾ ਨੀਂਹ ਪੱਥਰ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਰੱਖਿਆ। ਉਨ੍ਹਾਂ ਪੀ ਡਬਲਿਊ ਡੀ ਅਧਿਕਾਰੀਆਂ ਨੂੰ ਸੜਕਾਂ ਦੀ ਮੁਰੰਮਤ ਦੇ ਕੰਮ ’ਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ‘ਆਪ’ ਸਰਕਾਰ ਲਿੰਕ ਸੜਕਾਂ ਦੀ ਮੁਰੰਮਤ ਕਰਕੇ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਹਲਕੇ ਦੇ ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀਆਂ 91 ਕਿਲੋਮੀਟਰ ਲੰਬੀਆਂ 42 ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰਖਦਿਆਂ ਸਰਕਾਰ ਨੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਪਿੰਡਾਂ ਦੇ ਵਿਕਾਸ ਲਈ ਵਿਸ਼ੇਸ਼ ਗਰਾਂਟਾਂ ਦੇਣ ਦੇ ਫ਼ੈਸਲੇ ਤਹਿਤ ਪਿੰਡ ਬਹਿਰ ਸਾਹਿਬ ਨੂੰ 50 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਜਾਰੀ ਕੀਤੀ ਗਈ ਹੈ।