ਵਿਧਾਇਕ ਕੋਹਲੀ ਨੇ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ
ਪੱਤਰ ਪ੍ਰੇਰਕ
ਪਟਿਆਲਾ, 29 ਜੂਨ
ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪੰਜਾਬ ਦੇ ਇੰਚਾਰਜ ਅਤੇ ਸਾਬਕਾ ਉਪ ਮੁੱਖ ਮੰਤਰੀ ਦਿੱਲੀ ਮਨੀਸ਼ ਸਿਸੋਦੀਆ ਨਾਲ ਮੀਟਿੰਗ ਕੀਤੀ। ਇਸ ਮੌਕੇ ਪਟਿਆਲਾ ਸ਼ਹਿਰ ਵਾਸੀਆਂ ਦੀ ਬਿਹਤਰੀ ਲਈ ਭਵਿੱਖੀ ਏਜੰਡੇ, ਵਿਕਾਸ ਕਾਰਜਾਂ, ਨਗਰ ਨਿਗਮ, ਸਰਕਾਰੀ ਵਿਭਾਗ, ਡੇਰਾ ਜ਼ਮੀਨ ਦਾ ਮੁੱਦਾ, ਲੋਕ ਨਿਰਮਾਣ ਵਿਭਾਗ ਸਮੇਤ ਇੰਪਰੂਵਮੈਂਟ ਟਰੱਸਟ ਦੇ ਕੰਮ-ਕਾਜ ਬਾਰੇ ਚਰਚਾ ਕੀਤੀ ਗਈ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਇੱਥੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਪੰਜਾਬ ਦੀ ਰਾਜਨੀਤੀ ਅਤੇ ਖ਼ਾਸ ਕਰਕੇ ਪਟਿਆਲਾ ਸ਼ਹਿਰ ਦੇ ਵੱਖ-ਵੱਖ ਸਰਕਾਰੀ ਵਿਭਾਗਾਂ, ਡੇਰਾ ਜ਼ਮੀਨ ਦਾ ਮੁੱਦਾ, ਲੋਕ ਨਿਰਮਾਣ ਵਿਭਾਗ, ਨਗਰ ਨਿਗਮ, ਇੰਪਰੂਵਮੈਂਟ ਟਰੱਸਟ ਦੇ ਕੰਮ-ਕਾਜ ਬਾਰੇ ਚਰਚਾ ਕੀਤੀ। ਖ਼ਾਸ ਤੌਰ ’ਤੇ ਪਟਿਆਲਾ ਦੇ ਵਿਕਾਸ ਪ੍ਰਾਜੈਕਟਾਂ ਵਿੱਚ ਉਨ੍ਹਾਂ ਦੀ ਦਿਲਚਸਪੀ ਤੋਂ ਪ੍ਰਭਾਵਿਤ ਹੋਇਆ। ਉਹ ਸ਼ਹਿਰ ਵਿੱਚ ਹੋ ਰਹੇ ਸਾਰੇ ਕੰਮਾਂ ਤੋਂ ਜਾਣੂ ਸੀ ਅਤੇ ਇਹ ਗੱਲ ਵਿਸ਼ਵਾਸ ਦਿਵਾਉਂਦੀ ਹੈ ਕਿ ਪਟਿਆਲਾ ਵਿੱਚ ਆਉਣ ਵਾਲੇ ਭਵਿੱਖ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਜਾਣਗੇ।
ਵਿਧਾਇਕ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ ਬਿਨਾਂ ਸਿਫ਼ਾਰਸ਼ ਹਜ਼ਾਰਾਂ ਨੌਕਰੀਆਂ, 600 ਬਿਜਲੀ ਦੇ ਯੂਨਿਟ ਬਿਨਾ ਭੇਦ ਭਾਵ ਮਾਫ਼ੀ, ਉਦਯੋਗਾਂ ਨੂੰ ਵੱਡੀ ਰਾਹਤ, ਐਮੀਨੈਂਸ ਸਕੂਲ, ਮੁਫ਼ਤ ਪੜਾਈ, ਮੁਫ਼ਤ ਇਲਾਜ, ਮੁਹੱਲਾ ਕਲੀਨਿਕ ਸਮੇਤ ਹੋਰ ਰਿਆਇਤਾਂ ਦੇ ਕੇ ਸੂਬਾ ਵਾਸੀਆਂ ਦੇ ਮਨਾਂ ’ਚ ਵਿਸ਼ੇਸ਼ ਜਗ੍ਹਾ ਬਣਾਈ ਹੈ। ਉਨ੍ਹਾਂ ਕਿਹਾ ਕਿ ਜੋ ਕੰਮ ਆਮ ਆਦਮੀ ਪਾਰਟੀ ਨੇ ਕੀਤੇ ਹਨ, ਉਹ ਪਿਛਲੇ ਸਮੇਂ ਦੌਰਾਨ ਕਿਸੇ ਸਰਕਾਰ ਨੇ ਨਹੀਂ ਕੀਤੇ। ਇਸ ਲਈ 2027 ’ਚ ਮੁੜ ‘ਆਪ’ ਸਰਕਾਰ ਬਣੇਗੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 12 ਵੱਖ-ਵੱਖ ਵਿਭਾਗਾਂ ਵਿੱਚ ਪੰਜ ਹਜ਼ਾਰ ਤੋਂ ਵੱਧ ਭਰਤੀਆਂ ਕੀਤੀਆਂ ਜਾਣਗੀਆਂ। ਇਹ ਪ੍ਰਕਿਰਿਆ ਅਗਲੇ ਮਹੀਨੇ 400 ਮੈਡੀਕਲ ਅਫ਼ਸਰਾਂ ਦੀ ਭਰਤੀ ਨਾਲ ਸ਼ੁਰੂ ਹੋਵੇਗੀ।