ਵਿਧਾਇਕਾ ਵੱਲੋਂ ਪੱਚੀਦਰਾ ਦੇ ਬੰਨ੍ਹਾਂ ਦਾ ਜਾਇਜ਼ਾ
ਰਾਜਪੁਰਾ-ਅੰਬਾਲਾ ਰੋਡ ਨਜ਼ਦੀਕ ਪਿੰਡ ਖਰਾਜਪੁਰ ਕੋਲ ਸਥਿਤ ਪੱਚੀਦਰਾ ਵਿਚ ਪਾਣੀ ਵਧਣ ਅਤੇ ਖ਼ਤਰੇ ਦੇ ਮੱਦੇਨਜ਼ਰ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਪੱਚੀਦਰਾ ਨਾਲੇ ਦਾ ਦੌਰਾ ਕੀਤਾ ਅਤੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਲਵੀਸ਼ ਮਿੱਤਲ, ਕੌਂਸਲਰ ਰਾਜੇਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਦੌਰੇ ਦੌਰਾਨ ਵਿਧਾਇਕਾ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮਾਨ ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਤਿਆਰ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜਪੁਰਾ ਤਹਿਸੀਲ ਦੇ ਪਿੰਡਾਂ ਲਾਈ ਹਾਈ ਅਲਰਟ ਜਾਰੀ ਕੀਤਾ ਸੀ ਕਿ ਪੱਚੀਦਰੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਰਾਜਪੁਰਾ ਤਹਿਸੀਲ ਦੇ ਪੱਚੀਦਰਾ ਦੇ ਨਾਲ ਲੱਗਦੇ ਪਿੰਡਾਂ (ਚਿਤਕਾਰਾ ਵਾਲੇ ਪਾਸੇ) ਦੇ ਵਸਨੀਕਾਂ ਨੂੰ ਸੁਰੱਖਿਅਤ ਜਾਂ ਉੱਚੇ ਥਾਂਵਾਂ ’ਤੇ ਜਾਣ ਲਈ ਲਈ ਕਿਹਾ ਗਿਆ ਸੀ ਜਿਸ ਕਰਕੇ ਉਨ੍ਹਾਂ ਪਿੰਡ ਖਰਾਜਪੁਰ ਵਿੱਚ ਪੱਚੀਦਰਾ ਦੇ ਬੰਨ੍ਹ ਦਾ ਜਾਇਜ਼ਾ ਲਿਆ ਅਤੇ ਹੋਰ ਲੋੜੀਂਦੇ ਪ੍ਰਬੰਧ ਕਰਨ ਲਈ ਸਬੰਧਤ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਕੰਟਰੋਲ ਹੇਠ ਹੈ। ਪਿੰਡ ਖਰਾਜਪੁਰ ਦੇ ਵਾਸੀਆਂ ਨਾਲ ਗੱਲਬਾਤ ਦੌਰਾਨ ਵਿਧਾਇਕਾ ਨੀਨਾ ਮਿੱਤਲ ਨੇ ਲੋਕਾਂ ਨੂੰ ਯਕੀਨ ਦਵਾਇਆ ਕਿ ਉਨ੍ਹਾਂ ਦੀਆਂ ਹਰ ਲੋੜਾਂ ਨੂੰ ਤੁਰੰਤ ਪੂਰਾ ਕੀਤਾ ਜਾਵੇਗਾ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਅਤੇ ਸੁਵਿਧਾ ਸਰਕਾਰ ਦੀ ਪਹਿਲੀ ਤਰਜੀਹ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕਾ ਨੀਨਾ ਮਿੱਤਲ ਦਾ ਧੰਨਵਾਦ ਕੀਤਾ ਕਿ ਉਹ ਖ਼ੁਦ ਪਿੰਡ ਵਿੱਚ ਆ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਹੈ। ਇਸ ਮੌਕੇ ਸਰਪੰਚ ਕਮਲਜੀਤ ਸਿੰਘ ਖਰਾਜਪੁਰ ਤੇ ਪੰਚਾਇਤ ਮੈਂਬਰ, ਅਮਰਿੰਦਰ ਮੀਰੀ, ਰਾਜੇਸ਼ ਬੋਵਾ, ਐਡਵੋਕੇਟ ਸੰਦੀਪ ਬਾਵਾ, ਧਨਵੰਤ ਸਿੰਘ, ਸਮੇਤ ਵੱਡੀ ਗਿਣਤੀ ਵਿਚ ਪਿੰਡ ਖਰਾਜਪੁਰ ਪਿੰਡ ਦੇ ਵਾਸੀ ਮੌਜੂਦ ਸਨ।
ਡੀਸੀ ਵੱਲੋਂ ਹੜ੍ਹ ਰੋਕੂ ਕਾਰਜਾਂ ਦਾ ਜਾਇਜ਼ਾ
Advertisementਦੇਵੀਗੜ੍ਹ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਨੇ ਅੱਜ ਟਾਂਗਰੀ ਨਦੀ ਦੇ ਨਾਲ ਲੱਗਦੇ ਦੂਧਨਸਾਧਾਂ ਸਬ-ਡਿਵੀਜ਼ਨ ਦੇ ਨਦੀ ਵਿੱਚੋਂ ਬਾਹਰ ਆਏ ਪਾਣੀ ਨਾਲ ਪ੍ਰਭਾਵਿਤ ਹੋਏ ਪਿੰਡਾਂ ਵਿੱਚ ਚੱਲ ਰਹੇ ਹੜ੍ਹ ਸੁਰੱਖਿਆ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐੱਮ ਕਿਰਪਾਲਵੀਰ ਸਿੰਘ, ਐਸਈ ਡਰੇਨੇਜ ਰਾਜਿੰਦਰ ਘਈ, ਐਕਸੀਅਨ ਪ੍ਰਥਮ ਗੰਭੀਰ, ਐਸ.ਡੀ.ਓ. ਡਰੇਨ ਵਿਭਾਗ ਰਕਵਿੰਦਰ ਸਿੰਘ ਆਦਿ ਅਧਿਕਾਰੀ ਮੌਜੂਦ ਸਨ। ਉਨ੍ਹਾਂ ਟਾਂਗਰੀ ਬੰਨ੍ਹ ਦੀ ਮਜ਼ਬੂਤੀ ਦਾ ਨਿਰੀਖਣ ਕੀਤਾ ਅਤੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਕੇ ਜ਼ਮੀਨੀ ਹਕੀਕਤ ਜਾਣਨ ਸਮੇਤ ਨਾਗਰਿਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ। ਡਿਪਟੀ ਕਮਿਸ਼ਨਰ ਨੇ ਦੇਵੀਗੜ੍ਹ, ਦੂਧਨਸਾਧਾਂ, ਰੋਹੜ ਜਾਗੀਰ, ਬੀਬੀਪੁਰ, ਖਰਾਬਗੜ੍ਹ, ਬੁੱਧਮੋਰ, ਜੋਧਪੁਰ, ਮਹਿਮੂਦਪੁਰ ਰੂਕੜੀ, ਘੜਾਮ, ਜੁਲਾਹਖੇੜੀ ਅਤੇ ਨੇੜਲੇ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਪਿੰਡ ਵਾਸੀਆਂ ਨੂੰ ਦੱਸਿਆ ਕਿ ਡਰੇਨੇਜ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ। ਜਦੋਂ ਕਿ ਟਾਂਗਰੀ ਦਰਿਆ ਇਸ ਵੇਲੇ ਲਗਭਗ 20-22 ਪਿੰਡਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਘੱਗਰ 3-5 ਪਿੰਡਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਮਾਰਕੰਡਾ ਦਰਿਆ ਦਾ ਵਾਪਸੀ ਵਹਾਅ ਟਾਂਗਰੀ ਦਾ ਪਾਣੀ ਪੱਧਰ ਘੱਟਣ ਤੋਂ ਰੋਕ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਖੇਤਰ ਵਿੱਚ 24 ਘੰਟੇ ਕੰਮ ਕਰ ਰਹੀਆਂ ਹਨ।