ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪ੍ਰੋਗਰਾਮ ਸ਼ੁਰੂ
ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਮਹੀਨਾ-ਅਕਤੂਬਰ ਦੇ ਹਵਾਲੇ ਨਾਲ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੀ.ਜੀ.ਆਈ. ਚੰਡੀਗੜ੍ਹ ਦੇ ਸਾਬਕਾ ਪ੍ਰੋਫ਼ੈਸਰ ਅਤੇ ਮਨੋਵਿਗਿਆਨ ਮਾਹਿਰ ਡਾ. ਪ੍ਰਭਜੋਤ ਮੱਲ੍ਹੀ ਨੇ ਵਿਸ਼ੇਸ਼ ਭਾਸ਼ਣ ਦਿੱਤਾ। ਡੀਨ ਵਿਦਿਆਰਥੀ ਭਲਾਈ ਪ੍ਰੋ. ਮਮਤਾ ਸ਼ਰਮਾ ਨੇ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਇਹ ਸਮਾਗਮ ਕੈਂਪਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਮਹੀਨਾ ਭਰ ਚੱਲਣ ਵਾਲੀ ਜਾਗਰੂਕਤਾ ਮੁਹਿੰਮ ਦੀ ਰਸਮੀ ਸ਼ੁਰੂਆਤ ਹੈ। ਡਾ. ਪ੍ਰਭਜੋਤ ਮੱਲ੍ਹੀ ਨੇ ਆਪਣੇ ਜੀਵਨ ਭਰ ਦੇ ਕਲੀਨਿਕਲ ਅਨੁਭਵ ਤੋਂ ਪ੍ਰਭਾਵਸ਼ਾਲੀ ਕੇਸ ਸਟੱਡੀਜ਼ ਸਾਂਝੀਆਂ ਕੀਤੀਆਂ ਅਤੇ ਵਿਦਿਆਰਥੀਆਂ ਨੂੰ ਇਸ ਬਾਰੇ ਚਰਚਾ ਵਿੱਚ ਸ਼ਾਮਲ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਤੇ ਸਮਾਜਿਕ ਵਾਤਾਵਰਣ ਉਨ੍ਹਾਂ ਦੇ ਜੀਵਨ ਨੂੰ ਕਿਵੇਂ ਡੂੰਘਾਈ ਨਾਲ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਛੋਟੀਆਂ ਘਟਨਾਵਾਂ ਵੀ ਮਹੱਤਵਪੂਰਨ, ਜੀਵਨ ਬਦਲਣ ਵਾਲੇ ਪਲ ਬਣ ਸਕਦੀਆਂ ਹਨ। ਅੰਤ ’ਚ ਡੀਨ ਵਿਦਿਆਰਥੀ ਭਲਾਈ ਦਫ਼ਤਰ ਤੋਂ ਪ੍ਰੋ. ਡਾ. ਸੁਖਵਿੰਦਰ ਸਿੰਘ ਸਰਾਂ ਨੇ ਮਾਨਸਿਕ ਸਿਹਤ ਬਾਰੇ ਵਿਚਾਰ ਸਾਂਝੇ ਕੀਤੇ। ਧੰਨਵਾਦੀ ਭਾਸ਼ਣ ਵਧੀਕ ਪ੍ਰੋ. ਡਾ. ਜਗਪ੍ਰੀਤ ਕੌਰ ਵੱਲੋਂ ਦਿੱਤਾ ਗਿਆ।