ਮੇਅਰ ਵੱਲੋਂ ਸੜਕਾਂ ਦੀ ਸਫ਼ਾਈ ਦਾ ਨਿਰੀਖਣ
ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਵਿੱਚ ਸਫ਼ਾਈ ਦੇ ਢੁੱਕਵੇਂ ਪ੍ਰਬੰਧਾਂ ਲਈ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਮੇਅਰ ਕੁੰਦਨ ਗੋਗੀਆ ਨੇ ਅੱਜ ਪੁਰਾਣੇ ਬੱਸ ਸਟੈਂਡ ਨੇੜੇ ਪਰਸ਼ੁੂਰਾਮ ਚੌਕ ’ਤੇ ਪਹੁੰਚ ਕੇ ਮਸ਼ੀਨ ਨਾਲ ਕੀਤੀ ਜਾ ਰਹੀ ਸੜਕਾਂ ਦੀ ਸਫ਼ਾਈ ਦਾ ਜਾਇਜ਼ਾ ਲਿਆ। ਮੇਅਰ ਨੇ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਮਸ਼ੀਨਾਂ ਨਿਯਮਿਤ ਤੌਰ ’ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲਗਾਈਆਂ ਜਾਣ ਤਾਂ ਜੋ ਹਰ ਵਾਰਡ ਵਿੱਚ ਸਫ਼ਾਈ ਹੋ ਸਕੇ। ਇਸ ਦੌਰਾਨ ਮੇਅਰ ਨੇ ਕਿਹਾ ਕਿ ਪਟਿਆਲਾ ਦੇ ਲੋਕ ਉਨ੍ਹਾਂ ਦਾ ਆਪਣਾ ਪਰਿਵਾਰ ਹਨ ਅਤੇ ਲੋਕਾਂ ਨੂੰ ਸਿਹਤਮੰਦ ਵਾਤਾਵਰਣ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸਫ਼ਾਈ ਕਾਰਜਾਂ ਨੂੰ ਤੇਜ਼ ਰਫ਼ਤਾਰ ਨਾਲ ਅੱਗੇ ਵਧਾਉਣ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਮਸ਼ੀਨੀ ਸਫ਼ਾਈ ਦੇ ਆਉਣ ਨਾਲ ਧੂੜ ਅਤੇ ਗੰਦਗੀ ਘਟੇਗੀ, ਜਿਸ ਨਾਲ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਮਿਲੇਗਾ। ਮੇਅਰ ਨੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਸਫ਼ਾਈ ਨੂੰ ਆਪਣਾ ਨਿੱਜੀ ਫ਼ਰਜ਼ ਮੰਨ ਕੇ ਨਿਗਮ ਨਾਲ ਸਹਿਯੋਗ ਕਰਨ। ਇਸ ਮੌਕੇ ਸੈਂਟਰੀ ਇੰਸਪੈਕਟਰ ਰਿਸ਼ਭ ਗੁਪਤਾ, ਨਿਗਮ ਮੁਲਾਜ਼ਮ ਟੀਮ, ਬਲਾਕ ਪ੍ਰਧਾਨ ਅਮਨ ਬਾਂਸਲ, ਸੈਕਟਰੀ ਰਜਿੰਦਰ ਮੋਹਨ, ਲੱਕੀ ਲਹਿਲ, ਸਰਬਦੀਪ ਅਤੇ ਗੋਰਾਂ ਲਾਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।