ਮੇਅਰ ਵੱਲੋਂ ਦੁਕਾਨਦਾਰਾਂ ਤੇ ਰੇਹੜੀ ਫੜ੍ਹੀ ਵਾਲਿਆਂ ਨਾਲ ਮੀਟਿੰਗ
ਤਿਉਹਾਰਾਂ ਦੇ ਮੱਦੇਨਜ਼ਰ ਮੇਅਰ ਕੁੰਦਨ ਗੋਗੀਆ ਨੇ ਅੱਜ ਸ਼ਹਿਰ ਦੇ ਦੁਕਾਨਦਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਨੂੰ ਸ਼ਹਿਰ ਵਿੱਚ ਆਵਾਜਾਈ ਸੁਚਾਰੂ ਬਣਾਉਣ ਅਤੇ ਭੀੜ ਘੱਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਅਤੇ ਫੜ੍ਹੀਆਂ ਨਿਰਧਾਰਤ ਅਤੇ ਸੀਮਤ ਥਾਵਾਂ ਤੱਕ ਹੀ ਲਗਾਉਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਖਰੀਦਦਾਰੀ ਲਈ ਵੱਧ ਤੋਂ ਵੱਧ ਖੁੱਲ੍ਹੀ ਥਾਂ ਮਿਲ ਸਕੇ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਆਪਣੇ ਵਾਹਨ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਲਿਜਾਣ ਦੀ ਬਜਾਏ ਨੇੜੇ ਬਣੀਆਂ ਪਾਰਕਿੰਗਾਂ ਵਿੱਚ ਲਗਾਉਣ ਤਾਂ ਜੋ ਕਿਸੇ ਵੀ ਤਰ੍ਹਾਂ ਦੁਕਾਨਦਾਰਾਂ ਜਾ ਆਮ ਪਬਲਿਕ ਨੂੰ ਮੁਸ਼ਕਲ ਨਾ ਹੋਵੇ। ਇਥੇ ਆਪਣੇ ਦਫਤਰ ਵਿੱਚ ਨਿਗਮ ਅਧਿਕਾਰੀਆਂ ਤੇ ਦੁਕਾਨਦਾਰਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਮੇਅਰ ਨੇ ਸਪੱਸ਼ਟ ਕੀਤਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਬਾਜ਼ਾਰਾਂ ਵਿੱਚ ਖਰੀਦਦਾਰੀ ਲਈ ਲੋਕਾਂ ਦੀ ਭਾਰੀ ਆਮਦ ਹੁੰਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਦੁਕਾਨਦਾਰ ਸੜਕਾਂ ਜਾਂ ਫੁੱਟਪਾਥਾਂ ’ਤੇ ਕਬਜ਼ਾ ਨਾ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਨਗਰ ਨਿਗਮ ਵੱਲੋਂ ਕਾਰਵਾਈ ਕੀਤੀ ਜਾਵੇਗੀ।
