ਮਰਹੂਮ ਰਾਜਵੀਰ ਜਵੰਦਾ ਨੂੰ ਸਮਰਪਿਤ ਮਾਰਚ
ਬੌਲੀਵੁੱਡ ਅਦਾਕਾਰ ਗੈਵੀ ਚਹਿਲ ਤੇ ਸਾਥੀਆਂ ਵੱਲੋਂ ਅੱਜ ਹਾਲ ਹੀ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਨਾਮਵਰ ਗਾਇਕ ਰਾਜਵੀਰ ਜਵੰਦਾ ਨੂੰ ਸਮਰਪਿਤ ਅੱਜ ਇੱਥੇ ਮਹਾਤਮਾ ਗਾਂਧੀ ਦੇ ਬੁੱਤ ਤੋਂ ਲੈ ਕੇ ਸੇਵਾ ਸਿੰਘ ਠੀਕਰੀਵਾਲਾ ਚੌਕ ਤੱਕ ਮਾਰਚ ਕੀਤਾ। ਗੈਵੀ ਚਹਿਲ ਫਾਊਂਡੇਸ਼ਨ ਦੇ ਬੈਨਰ ਹੇਠ ਕੱਢੇ ਗਏ ਇਸ ਮਾਰਚ ਦਾ ਮਕਸਦ ਲੋਕਾਂ ਨੂੰ ਅਵਾਰਾ ਪਸ਼ੂਆਂ ‘ਤੇ ਨਿਯੰਤਰਣ ਪਾਉਣ ਲਈ ਮੁਹਿੰਮ ਵਿੱਢਣ ਦਾ ਹੋਕਾ ਦੇਣਾ ਵੀ ਸੀ। ਮਾਰਚ ਦੀ ਸ਼ੁਰੂਆਤ ਮਰਹੂਮ ਜਵੰਧਾ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਗੈਵੀ ਚਹਿਲ ਨੇ ਕਿਹਾ ਕਿ ਹਰ ਰੋਜ਼ ਹੀ ਬਹੁਤ ਸਾਰੀਆਂ ਕੀਮਤੀ ਜਾਨਾਂ ਅਵਾਰਾ ਪਸ਼ੂਆਂ ਕਾਰਨ ਵਾਪਰਨ ਵਾਲੇ ਸੜਕ ਹਾਦਸਿਆਂ ‘ਚ ਚਲੀਆਂ ਜਾਂਦੀਆਂ ਹਨ। ਇਸ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਹਰੇਕ ਨੂੰ ਇੱਕਜੁੱਟ ਹੋ ਕੇ ਮੁਹਿੰਮ ਚਲਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਜਵੀਰ ਜਵੰਦਾ ਦੀ ਅਵਾਰਾ ਪਸ਼ੂਆਂ ਦੀ ਬਦੌਲਤ ਹੋਈ ਦਰਦਨਾਕ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਸਾਨੂੰ ਇਸ ਹਾਦਸੇ ’ਤੇ ਅਫ਼ਸੋਸ ਪ੍ਰਗਟਾਉਣ ਦੇ ਨਾਲ-ਨਾਲ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਯਤਨ ਆਰੰਭਣੇ ਚਾਹੀਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਹੱਤਵਪੂਰਨ ਕਾਰਜ ਲਈ ਹਰ ਪਲੈਟਫਾਰਮ ’ਤੇ ਸਰਗਰਮ ਹੋਣ। ਇਸੇ ਤਹਿਤ ਹੈ ਗੈਵੀ ਚਹਿਲ ਫਾਊਂਡੇਸ਼ਨ ਦੀ ਵੈੱਬਸਾਈਟ ਗੈਵੀ ਚਾਹਲ ਫਾਊਡੇਸ਼ਨ ਡਾਟ ਕਾਮ ਉੱਪਰ ਇੱਕ ਪਟੀਸ਼ਨ ਦੀ ਸ਼ੁਰੂਆਤ ਕੀਤੀ ਹੈ ਜਿਸ ਨੂੰ ਹਰ ਕੋਈ ਸਮਰਥਨ ਦੇ ਸਕਦਾ ਹੈ ਅਤੇ ਇਸ ਮੁਹਿੰਮ ਦਾ ਹਿੱਸਾ ਬਣ ਸਕਦਾ ਹੈ।