ਮੰਡੌਰ ਜ਼ਮੀਨੀ ਵਿਵਾਦ: ਕਿਸਾਨਾਂ ਨੇ ਸਿਹਤ ਮੰਤਰੀ ਦੇ ਘਰ ਅੱਗਿਓਂ ਧਰਨਾ ਚੁੱਕਿਆ
ਇੱਥੋਂ ਨੇੜਲੇ ਪਿੰਡ ਮੰਡੌਰ ਵਿੱਚ 38 ਏਕੜ ਦਲਿਤਾਂ ਦੇ ਹਿੱਸੇ ਦੀ ਜ਼ਮੀਨ ਦੀ ਬੋਲੀ ਕਾਰਨ ਹੋਏ ਵਿਵਾਦ ਕਰਕੇ ਆਹਮੋ-ਸਾਹਮਣੇ ਹੋਈਆਂ ਦੋ ਧਿਰਾਂ ਕਰਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਘਰ ਦੇ ਬਾਹਰ ਕਿਸਾਨਾਂ ਵੱਲੋਂ ਲਗਾਇਆ ਪੱਕਾ ਮੋਰਚਾ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਭਰੋਸਾ ਦਿੰਦਿਆਂ ਚੁਕਵਾ ਦਿੱਤਾ। ਇਹ ਧਰਨਾ ਦਲਿਤਾਂ ਦੇ ਧੜੇ ਦੇ ਇਕ ਪੱਖ ਵਿੱਚ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਲਗਾਇਆ ਸੀ। ਅੱਜ ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਤੇ ਬੀਡੀਓ ਬਲਜੀਤ ਸਿੰਘ ਨੇ ਧਰਨੇ ’ਤੇ ਪੁੱਜ ਕੇ ਇਸ ਨੂੰ ਚੁਕਵਾ ਦਿੱਤਾ। ਇਸ ਮੌਕੇ ਡੀਐੱਸਪੀ ਟਿਵਾਣਾ ਤੇ ਬੀਡੀਓ ਬਲਜੀਤ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਜੋ ਵੀ ਬੋਲੀਕਾਰ ਹਨ ਉਨ੍ਹਾਂ ਨੂੰ ਜਲਦ ਹੀ ਜ਼ਮੀਨ ਦਾ ਕਬਜ਼ਾ ਦਿਵਾਇਆ ਜਾਵੇਗਾ। ਇਹ ਵਾਅਦਾ ਲੈਂਦਿਆਂ ਕਿਸਾਨ ਆਗੂਆਂ ਨੇ ਅੱਜ ਦਾ ਮੋਰਚਾ ਮੁਲਤਵੀ ਕਰ ਦਿੱਤਾ। ਦੂਜੇ ਪਾਸੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਸ ਗੱਲ ’ਤੇ ਸੰਘਰਸ਼ ਕਰ ਰਹੀ ਹੈ ਕਿ ਜੋ ਬੋਲੀ ਬਿਨਾਂ ਕੋਰਮ ਪੂਰਾ ਕੀਤਿਆਂ ਸਰਕਾਰ ਵੱਲੋਂ ਕੀਤੀ ਗਈ ਹੈ, ਉਹ ਬੋਲੀ ਰੱਦ ਕੀਤੀ ਜਾਵੇ। ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਬੋਲੀ ਅਸਲ ਵਿਚ ਜ਼ਿਮੀਂਦਾਰਾਂ ਨੇ ਦਲਿਤਾਂ ਦੇ ਹਿੱਸੇ ਦੀ ਜ਼ਮੀਨ ਆਪ ਵਾਹੁਣ ਲਈ ਦਿੱਤੀ ਹੈ, ਜਿਨ੍ਹਾਂ ਤੁਰੰਤ ਰੁਪਏ ਵੀ ਭਰ ਦਿੱਤੇ ਹਨ ਜੋ ਸਰਾਸਰ ਗ਼ਲਤ ਹੈ। ਕਿਸਾਨ ਆਗੂ ਜਗਮੇਲ ਸਿੰਘ ਸੁਧੇਵਾਲ ਨੇ ਕਿਹਾ ਕਿ ਆਪਣੇ ਵਾਅਦੇ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਬੋਲੀਕਾਰਾਂ ਨੂੰ ਕਬਜ਼ਾ ਦਿਵਾਏ ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।